ਪਡਿਆਲਾ ’ਚ ਪਾਠੀ-ਸਿੰਘਾਂ ਤੇ ਪ੍ਰਚਾਰਕਾਂ ਦਾ ਸਨਮਾਨ
ਮਿਹਰ ਸਿੰਘ
ਕੁਰਾਲੀ, 17 ਮਈ
ਪਿੰਡ ਪਡਿਆਲਾ ਵਿੱਚ ਉੱਘੇ ਖੇਡ ਪ੍ਰਮੋਟਰ, ਸਮਾਜ ਸੇਵੀ ਤੇ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਪਲੇਠਾ ਪਾਠੀ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਪਾਠੀ-ਸਿੰਘ ਸਨਮਾਨ ਸਮਾਗਮ ਦੌਰਾਨ 1000 ਪਾਠੀ ਸਿੰਘਾਂ ਅਤੇ ਪ੍ਰਚਾਰਕਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸੇ ਵੀ ਕੌਮ ਧਰਮ ਦੇ ਵਿਸਥਾਰ ਲਈ ਪ੍ਰਚਾਰਕ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਪਾਠੀ ਸਿੰਘਾਂ ਤੇ ਪ੍ਰਚਾਰਕਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖੀ ਦੇ ਸੁਨਹਿਰੇ ਭਵਿੱਖ ਲਈ ਪਾਠੀ-ਸਿੰਘਾਂ ਤੇ ਪ੍ਰਚਾਰਕਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨਾ ਜ਼ਰੂਰੀ ਹੈ। ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ ਤੇ ਮਨੁੱਖਤਾ ਦੀ ਭਲਾਈ ਲਈ ਸੇਵਾ ਕਰ ਰਹੇ ਪਾਠੀ ਸਿੰਘਾਂ ਦੀ ਬਾਂਹ ਫੜਨੀ ਸਮੇਂ ਦੀ ਲੋੜ ਹੈ।