ਇੱਥੋਂ ਦੇ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਹਾਕੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਅੱਜ ਖੇਡੇ ਗਏ ਮੈਚਾਂ ਦਾ ਵੱਡੀ ਗਿਣਤੀ ਵਿੱਚ ਪਹੁੰਚੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਖ਼ੂਬ ਆਨੰਦ ਮਾਣਿਆ। ਮੈਚਾਂ ਦੌਰਾਨ ਸਕੂਲੀ ਬੱਚਿਆਂ ਨੇ ਸਟੇਡੀਅਮ ਵਿੱਚ ਲਗਾਤਾਰ ਵੱਜਦੇ ਰਹੇ ਪੰਜਾਬੀ ਗੀਤਾਂ ’ਤੇ ਖ਼ੂਬ ਭੰਗੜੇ ਪਾਏ। ਇਸ ਮੌਕੇ ਹਾਕੀ ਇੰਡੀਆ ਦੇ ਅਹੁਦੇਦਾਰ, ਖੇਡ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀ, ਕ੍ਰਿਕਟਰ ਹਰਲੀਨ ਦਿਓਲ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਕਈ ਹੋਰ ਖਿਡਾਰਨਾਂ ਵੀ ਮੈਚ ਦੇਖਣ ਪਹੁੰਚੀਆਂ। ਇਨ੍ਹਾਂ ਤੋਂ ਇਲਾਵਾ ਅਦਾਕਾਰ ਰਵਨੀਤ ਸਿੰਘ ਸਮੇਤ ਕਈ ਗਾਇਕ ਅਤੇ ਸਾਬਕਾ ਹਾਕੀ ਖਿਡਾਰੀਆਂ ਨੇ ਵੀ ਮੈਚ ਦਾ ਆਨੰਦ ਲਿਆ।
ਪੰਜਾਬ ਸਰਕਾਰ ਵੱਲੋਂ ਮੁਫ਼ਤ ਦਾਖ਼ਲੇ ਲਈ ਜਾਰੀ ਇਸ਼ਤਿਹਾਰਾਂ ਵਿੱਚ ਦਿੱਤੇ ਕਿਊਆਰ ਕੋਡ ਰਾਹੀਂ ਦਰਸ਼ਕਾਂ ਨੂੰ ਪਾਸ ਡਾਊਨਲੋਡ ਕਰਨ ਦੀ ਸਹੂਲਤ ਦਿੱਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦਸ ਹਜ਼ਾਰ ਤੋਂ ਵੱਧ ਲੋਕਾਂ ਨੇ ਪਾਸ ਡਾਊਨਲੋਡ ਕੀਤੇ, ਪਰ ਸਟੇਡੀਅਮ ਵਿੱਚ ਹਾਜ਼ਰੀ ਇਸ ਦੇ ਮੁਕਾਬਲੇ ਘੱਟ ਰਹੀ। ਬੰਗਲਾਦੇਸ਼ ਅਤੇ ਚੀਨ ਦੇ ਮੁਕਾਬਲੇ ਸਮੇਂ ਤਾਂ ਸਟੇਡੀਅਮ ਵਿੱਚ ਨਾਮਾਤਰ ਹੀ ਦਰਸ਼ਕ ਮੌਜੂਦ ਸਨ। ਹਾਲਾਂਕਿ ਭਾਰਤ ਅਤੇ ਦੱਖਣੀ ਕੋਰੀਆ ਦੇ ਸੈਮੀ ਫਾਈਨਲ ਸਮੇਂ ਦਰਸ਼ਕਾਂ ਦੀ ਖ਼ੂਬ ਗਹਿਮਾ-ਗਹਿਮੀ ਰਹੀ ਅਤੇ ਵੀ ਆਈ ਪੀ ਬਲਾਕ ਦਰਸ਼ਕਾਂ ਨਾਲ ਪੂਰਾ ਭਰਿਆ ਹੋਇਆ ਸੀ।
ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਪੁਲੀਸ ਅਧਿਕਾਰੀ ਖ਼ੁਦ ਕਰਦੇ ਰਹੇ। ਸਟੇਡੀਅਮ ਦੇ ਬਾਹਰ ਵੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਸਟੇਡੀਅਮ ਵੱਲ ਆਉਂਦੀਆਂ ਪ੍ਰਮੁੱਖ ਸੜਕਾਂ ’ਤੇ ਪੁਲੀਸ ਵੱਲੋਂ ਨਾਕਾਬੰਦੀ ਵੀ ਕੀਤੀ ਹੋਈ ਸੀ। ਸਟੇਡੀਅਮ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ ਅਤੇ ‘ਆਪਣਾ ਪਿੰਡ’ ਰਾਹੀਂ ਖਾਣ-ਪੀਣ ਦੀਆਂ ਵਸਤਾਂ ਦਾ ਵੀ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ। ਭਾਰਤ ਅਤੇ ਦੱਖਣੀ ਕੋਰੀਆ ਦੇ ਮੈਚ ਵਿੱਚ ਦਰਸ਼ਕਾਂ ਨੇ ‘ਇੰਡੀਆ-ਇੰਡੀਆ’ ਦੇ ਨਾਅਰਿਆਂ ਅਤੇ ਤਾੜੀਆਂ ਨਾਲ ਭਾਰਤੀ ਟੀਮ ਦੀ ਖ਼ੂਬ ਹੌਸਲਾ-ਅਫ਼ਜ਼ਾਈ ਕੀਤੀ।
‘ਸਾਡਾ ਸਰਪੰਚ’ ਦੇ ਨਾਂ ਨਾਲ ਗੂੰਜ ਉੱਠਿਆ ਸਟੇਡੀਅਮ
ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਸੈਮੀ ਫਾਈਨਲ ਮੁਕਾਬਲਾ ਸ਼ੁਰੂ ਹੋਣ ਵੇਲੇ ਅਨਾਊਂਸਰ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾਉਣ ਲਈ ਉਨ੍ਹਾਂ ਦੇ ਨਾਂ ਬੋਲ ਰਿਹਾ ਸੀ। ਉਸ ਨੇ ਜਦੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ‘ਸਾਡਾ ਸਰਪੰਚ’ ਕਹਿ ਕੇ ਸੰਬੋਧਨ ਕੀਤਾ ਤਾਂ ਸਾਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉੱਠਿਆ। ਭਾਰਤ ਦੇ ਮੈਚ ਤੋਂ ਪਹਿਲਾਂ ਸਟੇਡੀਅਮ ਦੀਆਂ ਲਾਈਟਾਂ ਬੰਦ ਕਰ ਕੇ ਸ਼ਾਨਦਾਰ ਆਤਿਸ਼ਬਾਜ਼ੀ ਵੀ ਕੀਤੀ ਗਈ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਮੈਚ ਆਰੰਭ ਹੋਇਆ। ਮੈਚ ਦੇ ਅੱਧੇ ਸਮੇਂ ਦੌਰਾਨ ਕਲਾਕਾਰਾਂ ਵੱਲੋਂ ਭੰਗੜਾ ਵੀ ਪਾਇਆ ਗਿਆ।

