ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਜੁਲਾਈ
ਇਥੋਂ ਦੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਬੀਐਸਸੀ ਨਾਨ-ਮੈਡੀਕਲ ਯੂਟੀ ਤੋਂ ਬਾਹਰ ਜਨਰਲ ਪੂਲ ਵਿਚ ਸਭ ਤੋਂ ਵੱਧ ਕਟਆਫ ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਤੇ ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਵਿੱਚ 98.60 ਫੀਸਦੀ ਰਹੀ ਹੈ ਜਦਕਿ ਇਸ ਪੂਲ ਵਿੱਚ ਆਖਰੀ ਕੱਟਆਫ 69 ਫੀਸਦੀ ਹੈ। ਇਸੇ ਤਰ੍ਹਾਂ ਯੂਟੀ ਪੂਲ ਵਿੱਚ ਸਭ ਤੋਂ ਵੱਧ 96.60 ਫੀਸਦੀ ਕੱਟਆਫ ਜੀਜੀਡੀਐਸਡੀ ਕਾਲਜ ਸੈਕਟਰ-32 ਦੀ ਹੈ। ਇਹ ਸ਼੍ਰੇਣੀ ਵਿੱਚ ਆਖਰੀ ਕੱਟਆਫ 51.40 ਫੀਸਦੀ ਹੈ। ਬੀਐਸਸੀ ਮੈਡੀਕਲ ਵਿੱਚ ਯੂਟੀ ਤੋਂ ਬਾਹਰ ਜਨਰਲ ਪੂਲ ਵਿੱਚ ਸਭ ਤੋਂ ਵੱਧ ਕੱਟਆਫ 98.40 ਪ੍ਰਤੀਸ਼ਤ ਪੀਜੀਜੀਸੀ-11 ਵਿੱਚ ਦਰਜ ਕੀਤੀ ਗਈ ਹੈ। ਇਸ ਸ਼੍ਰੇਣੀ ਵਿੱਚ ਆਖਰੀ ਕੱਟਆਫ 86 ਪ੍ਰਤੀਸ਼ਤ ਹੈ ਅਤੇ ਯੂਟੀ ਪੂਲ ਵਿੱਚ ਸਭ ਤੋਂ ਵੱਧ 96.60 ਦੀ ਕੱਟ-ਆਫ ਜੀਜੀਡੀਐਸਡੀ ਕਾਲਜ-32 ਦੀ ਹੈ। ਇਸ ਵਰਗ ਦੀ ਆਖਰੀ ਕੱਟਆਫ 49.20 ਫੀਸਦੀ ਹੈ।
ਦਸਤਾਵੇਜ਼ਾਂ ਦੀ ਜਾਂਚ ਲਈ ਅੰਤਿਮ ਤਰੀਕ 14 ਜੁਲਾਈ ਤਕ ਵਧਾਈ
ਇੱਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲਾ ਪ੍ਰਕਿਰਿਆ ਜਾਰੀ ਹੈ ਪਰ ਭਾਰੀ ਮੀਂਹ ਕਾਰਨ ਸਕੂਲ 13 ਜੁਲਾਈ ਤਕ ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਵਿਦਿਆਰਥੀਆਂ ਦਾ ਦਾਖਲਾ ਅਮਲ ਵੀ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦਸਤਾਵੇਜ਼ ਦੀ ਜਾਂਚ ਕਰਵਾਉਣ ਲਈ 10 ਜੁਲਾਈ ਆਖਰੀ ਤਰੀਕ ਸੀ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਪ੍ਰੋਵਿਸਨਲ ਲਿਸਟ ਜਾਰੀ ਹੋਣ ਤੋਂ ਬਾਅਦ ਦਾਖਲਿਆਂ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਤਰੀਖ ਵਧਾ ਦਿੱਤੀ ਗਈ ਹੈ ਤੇ ਚੰਡੀਗੜ੍ਹ ਵਿਚ ਸਕੂਲ ਖੁੱਲ੍ਹਣ ਤੋਂ ਬਾਅਦ ਵਿਦਿਆਰਥੀ 14 ਜੁਲਾਈ ਨੂੰ ਆਪਣੇ ਦਸਤਾਵੇਜ਼ ਚੈਕ ਕਰਵਾ ਸਕਦੇ ਹਨ।