heavy rain: ਮੀਂਹ ਨਾਲ ਸੜਕਾਂ ਪਾਣੀ ਵਿੱਚ ਡੁੱਬੀਆਂ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੌਨਸੂਨ ਮੁੜ ਤੋਂ ਸਰਗਰਮ ਹੋ ਗਿਆ ਹੈ। ਅੱਜ ਚੰਡੀਗੜ੍ਹ ਵਿੱਚ ਤੜਕੇ ਤੋਂ ਮੀਂਹ ਪੈ ਰਿਹਾ ਹੈ ਜਿਸ ਨੇ ਸ਼ਹਿਰ ਦੀਆਂ ਸੜਕਾਂ ’ਤੇ ਜਲ-ਥਲ ਕਰ ਦਿੱਤਾ ਹੈ। ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ...
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੌਨਸੂਨ ਮੁੜ ਤੋਂ ਸਰਗਰਮ ਹੋ ਗਿਆ ਹੈ। ਅੱਜ ਚੰਡੀਗੜ੍ਹ ਵਿੱਚ ਤੜਕੇ ਤੋਂ ਮੀਂਹ ਪੈ ਰਿਹਾ ਹੈ ਜਿਸ ਨੇ ਸ਼ਹਿਰ ਦੀਆਂ ਸੜਕਾਂ ’ਤੇ ਜਲ-ਥਲ ਕਰ ਦਿੱਤਾ ਹੈ। ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ, ਪਰ ਸ਼ਹਿਰ ਦੀਆਂ ਸੜਕਾਂ ’ਤੇ ਖੜ੍ਹੇ ਪਾਣੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸੇ ਦੌਰਾਨ ਸੈਕਟਰ 19 ਤੇ 27 ਵਾਲੀ ਸੜਕ ’ਤੇ ਕਈ ਦਹਾਕੇ ਪੁਰਾਣਾ ਦਰੱਖਤ ਡਿੱਗ ਗਿਆ ਹੈ। ਇਹ ਦਰੱਖਤ ਜੜ੍ਹ ਤੋਂ ਹੀ ਉੱਖੜ ਗਿਆ। ਦਰੱਖਤ ਡਿੱਗਣ ਕਾਰਨ ਕਿਸੇ ਕਿਸਮ ਦੇ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ, ਪਰ ਸੈਕਟਰ 19 ਤੇ 27 ’ਤੇ ਆਵਾਜਾਈ ਠੱਪ ਹੋ ਗਈ ਹੈ। ਹਾਲਾਂਕਿ ਯੂ ਟੀ ਪ੍ਰਸ਼ਾਸਨ ਦੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਦਰੱਖਤ ਨੂੰ ਹਟਾ ਕੇ ਆਵਾਜਾਈ ਬਹਾਲ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਤੜਕੇ ਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਜੋ ਦੁਪਹਿਰ ਤੱਕ ਪੈਂਦਾ ਰਿਹਾ ਹੈ। ਮੀਂਹ ਕਰ ਕੇ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਉੱਧਰ, ਰੋਜ਼ਾਨਾ ਦਫ਼ਤਰ ਜਾਣ ਵਾਲੇ ਕਾਮਿਆਂ ਅਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਪਾਣੀ ਖੜ੍ਹਨ ਕਰ ਕੇ ਕਈ ਲੋਕਾਂ ਦੇ ਵਾਹਨ ਪਾਣੀ ਵਿੱਚ ਹੀ ਬੰਦ ਹੋ ਗਏ ਜਦੋਂਕਿ ਇੰਡਸਟਰੀਅਲ ਏਰੀਆ ਰੇਲਵੇ ਅੰਡਰ ਪਾਸ, ਇੰਡਸਟਰੀਅਲ ਏਰੀਆ, ਪਿੰਡ ਕਜ਼ਹੇੜੀ, ਦੜੂਆ, ਫੈਦਾਂ ਅਤੇ ਕਈ ਹੋਰ ਪਿੰਡਾਂ ਵਿੱਚ ਵੀ ਪਾਣੀ ਖੜ੍ਹਾ ਹੋ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ 20.5 ਐੱਮ ਐੱਮ ਮੀਂਹ ਪਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 23.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਵੀ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ ਅਗਲੇ ਦੋ ਦਿਨ ਹੋਰ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਐੱਸ ਏ ਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਮੁਹਾਲੀ ਖੇਤਰ ਵਿੱਚ ਅੱਜ ਸਵੇਰੇ ਕਈ ਘੰਟੇ ਭਰਵਾਂ ਮੀਂਹ ਪਿਆ। ਮੀਂਹ ਨੇ ਕਿਸਾਨਾਂ ਨੂੰ ਗਰਮੀ ਅਤੇ ਹੁੰਮ੍ਹਸ ਤੋਂ ਰਾਹਤ ਦਿਵਾ ਦਿੱਤੀ। ਮੀਂਹ ਨਾਲ ਕਿਸਾਨਾਂ ਦੇ ਖੇਤ ਵੀ ਪਾਣੀ ਨਾਲ ਭਰ ਗਏ ਹਨ। ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਲੋੜੀਂਦਾ ਪਾਣੀ ਵੀ ਪੂਰਾ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਇਹ ਮੀਂਹ ਸਾਰੀਆਂ ਫ਼ਸਲਾਂ ਲਈ ਲਾਹੇਵੰਦ ਹੈ।
ਇਸੇ ਦੌਰਾਨ ਅੱਜ ਸਵੇਰੇ ਬਾਰਸ਼ ਨਾਲ ਚੱਲੀਆਂ ਹਵਾਵਾਂ ਨਾਲ ਮੁਹਾਲੀ ਦੇ ਫੇਜ਼ ਸੱਤ ਦੀ ਕੋਠੀ ਨੰਬਰ 2102 ਦੇ ਨਾਲ ਖੜ੍ਹੇ ਉੱਚੇ ਦਰੱਖਤ ਦਾ ਟਾਹਣਾ ਟੁੱਟ ਕੇ ਕੋਠੀ ਦੇ ਵਿਹੜੇ ਵਿੱਚ ਪਾਏ ਫਾਈਬਰ ਦੇ ਸ਼ੈੱਡ ’ਤੇ ਡਿੱਗ ਗਿਆ। ਕੋਠੀ ਦੇ ਮਾਲਕ ਅਤੇ ਪੈਪਸੂ ਰੋਡਵੇਜ਼ ਦੇ ਸਾਬਕਾ ਜਨਰਲ ਮੈਨੇਜਰ ਇਕਬਾਲ ਸਿੰਘ ਸਰੋਆ ਨੇ ਦੱਸਿਆ ਕਿ ਦਰੱਖਤ ਦੇ ਟਾਹਣੇ ਨਾਲ ਫਾਈਬਰ ਦਾ ਸ਼ੈੱਡ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਇਸ ਪੁਰਾਣੇ ਹੋ ਚੁੱਕੇ ਦਰੱਖਤ ਨੂੰ ਪੁੱਟ ਕੇ ਨਵਾਂ ਦਰੱਖਤ ਲਾਉਣ ਲਈ ਉਹ ਨਗਰ ਨਿਗਮ ਅਤੇ ਗਮਾਡਾ ਦੇ ਦਫ਼ਤਰਾਂ ਵਿੱਚ ਦਰਖ਼ਾਸਤ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਜਾਨ-ਮਾਲ ਦੀ ਰਾਖੀ ਲਈ ਪੁਰਾਣੇ ਹੋ ਚੁੱਕੇ ਉੱਚੇ ਦਰੱਖਤ ਪੁਟਾਏ ਜਾਣ ਦੀ ਮੰਗ ਕੀਤੀ।
ਮੀਂਹ ਨੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ
ਲਾਲੜੂ (ਸਰਬਜੀਤ ਸਿੰਘ ਭੱਟੀ): ਲਾਲੜੂ ਪਿੰਡ ਵਿੱਚ ਸਵੇਰ ਤੋਂ ਪੈ ਰਹੇ ਮੀਂਹ ਤੋਂ ਬਾਅਦ ਗਲੀਆਂ, ਫਿਰਨੀ ਅਤੇ ਵੱਖ-ਵੱਖ ਵਾਰਡਾਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਕਈ ਥਾਵਾਂ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਹਾਲਾਤ ਇਹ ਹਨ ਕਿ ਲੋਕ ਗੋਡਿਆਂ ਤੱਕ ਭਰੇ ਪਾਣੀ ਵਿੱਚੋਂ ਪੈਦਲ ਲੰਘਣ ਲਈ ਮਜਬੂਰ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਘਰਾਂ ਵਿੱਚ ਦਾਖ਼ਲ ਹੋਣ ਕਾਰਨ ਕੀਮਤੀ ਵਸਤਾਂ ਪਾਣੀ ਵਿੱਚ ਡੁੱਬ ਗਈਆਂ। ਉਨ੍ਹਾਂ ਦੱਸਿਆ ਕਿ ਇੱਥੇ ਹਰ ਬਰਸਾਤ ਮੌਕੇ ਅਜਿਹੀ ਹੀ ਸਥਿਤੀ ਬਣਦੀ ਹੈ ਪਰ ਨਗਰ ਕੌਂਸਲ ਸਮੱਸਿਆ ਦਾ ਪੱਕਾ ਹੱਲ ਨਹੀਂ ਕਰਦੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਲੀਆਂ ਵਿੱਚ ਭਰਦੇ ਪਾਣੀ ਦੀ ਸਮੱਸਿਆ ਦ ਸਥਾਈ ਹੱਲ ਤੁਰੰਤ ਕੀਤਾ ਜਾਵੇ।

