ਸਿਹਤ ਮੰਤਰੀ ਦੇ ਛੋਟੇ ਭਰਾ ਜੀਤੀ ਸਿੱਧੂ ਬਣੇ ਮੁਹਾਲੀ ਦੇ ਮੇਅਰ

ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਈਆਂ; ਆਜ਼ਾਦ ਗਰੁੱਪ ਤੇ ਆਜ਼ਾਦ ਕੌਂਸਲਰਾਂ ਨੇ ਕੀਤਾ ਚੋਣ ਦਾ ਬਾਈਕਾਟ

ਸਿਹਤ ਮੰਤਰੀ ਦੇ ਛੋਟੇ ਭਰਾ ਜੀਤੀ ਸਿੱਧੂ ਬਣੇ ਮੁਹਾਲੀ ਦੇ ਮੇਅਰ

ਨਵੇਂ ਚੁਣੇ ਗਏ ਮੇਅਰ ਅਮਰਜੀਤ ਸਿੱਧੂ (ਜੀਤੀ), ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਿਹਤ ਮੰਤਰੀ ਬਲਬੀਰ ਸਿੱਧੂ ਤੇ ਸੁਖਜਿੰਦਰ ਰੰਧਾਵਾ ਨਾਲ। -ਫੋਟੋ: ਵਿੱਕੀ

ਪੱਤਰ ਪ੍ਰੇਰਕ

ਐਸ.ਏ.ਐਸ. ਨਗਰ (ਮੁਹਾਲੀ), 12 ਅਪਰੈਲ                                              

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਖ਼ਰਕਾਰ ਆਪਣੇ ਛੋਟੇ ਭਰਾ ਤੇ ਕਾਰੋਬਾਰੀ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ਨੂੰ ਮੁਹਾਲੀ ਦਾ ਮੇਅਰ ਬਣਾਉਣ ਲਈ ਕਾਮਯਾਬ ਹੋ ਗਏ ਹਨ। ਅੱਜ ਇੱਥੋਂ ਦੇ ਸੈਕਟਰ-68 ਸਥਿਤ ਨਗਰ ਨਿਗਮ ਭਵਨ ਵਿੱਚ ਸਵੇਰੇ 10 ਵਜੇ ਮੁਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਗਈ। ਇਸ ਵਿੱਚ ਸਿਹਤ ਮੰਤਰੀ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ ਜਦੋਂ ਕਿ ਅਮਰੀਕ ਸਿੰਘ ਸੋਮਲ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੂੰ ਡਿਪਟੀ ਮੇਅਰ ਬਣਾਇਆ ਗਿਆ। ਜੀਤੀ ਸਿੱਧੂ ਪਹਿਲੀ ਵਾਰ ਕੌਂਸਲਰ ਬਣ ਕੇ ਹਾਊਸ ਵਿੱਚ ਪਹੁੰਚੇ ਹਨ।  

ਚੋਣ ਪ੍ਰਕਿਰਿਆ ਦੌਰਾਨ ਦੋ ਕੈਬਨਿਟ ਮੰਤਰੀਆਂ ਦੀ ਮੌਜੂਦਗੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਕੋਵਿਡ ਨਿਯਮਾਂ ਦੀਆਂ ਖੂਬ ਧੱਜੀਆਂ ਉਡਾਈਆਂ ਗਈਆਂ। ਜ਼ਿਆਦਾਤਰ ਕਾਂਗਰਸ ਵਰਕਰਾਂ ਨੇ ਮਾਸਕ ਨਹੀਂ ਪਾਏ ਹੋਏ ਸਨ ਅਤੇ ਨਾ ਹੀ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਗਿਆ ਸਗੋਂ ਇਕ ਦੂਜੇ ਦੇ ਗਲੇ ਮਿਲ ਕੇ ਵਧਾਈਆਂ ਦਿੰਦੇ ਦੇਖੇ ਗਏ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਲਿਫ਼ਾਫ਼ੇ ’ਚੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਕ੍ਰਮਵਾਰ ਅਮਰਜੀਤ ਸਿੰਘ ਜੀਤੀ ਸਿੱਧੂ, ਅਮਰੀਕ ਸਿੰਘ ਸੋਮਲ ਅਤੇ ਕੁਲਜੀਤ ਬੇਦੀ ਦੇ ਨਾਵਾਂ ਦਾ ਐਲਾਨ ਕੀਤਾ ਜਿਸ ਨੂੰ ਹਾਊਸ ਵਿੱਚ ਹਾਜ਼ਰ ਬਹੁਗਿਣਤੀ ਕੌਂਸਲਰਾਂ ਨੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ। ਇਸ ਤੋਂ ਪਹਿਲਾਂ ਸਾਰੇ ਕੌਂਸਲਰਾਂ ਨੂੰ ਸੰਵਿਧਾਨ ਅਨੁਸਾਰ ਅਹੁਦੇ ਦੀ ਸਹੁੰ ਚੁਕਾਈ ਗਈ।       

ਉਧਰ, ਜਿਵੇਂ ਹੀ ਮੇਅਰ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਈ ਤਾਂ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਸੱਜੀ ਬਾਂਹ ਸਮਝੇ ਜਾਂਦੇ ਅਤੇ ਜੀਤੀ ਸਿੱਧੂ ਨਾਲ ਸ਼ਰਾਬ ਦੇ ਕਾਰੋਬਾਰ ਵਿੱਚ ਹਿੱਸੇਦਾਰ ਰਹੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਅਤੇ ਚੌਥੀ ਵਾਰ ਕੌਂਸਲਰ ਬਣੀ ਉਨ੍ਹਾਂ ਦੀ ਪਤਨੀ ਰਾਜ ਰਾਣੀ ਜੈਨ ਚੋਣ ਦਾ ਬਾਈਕਾਟ ਕਰਕੇ ਬਾਹਰ ਆ ਗਏ। ਇਸ ਤੋਂ ਪਹਿਲਾਂ ਆਜ਼ਾਦ ਗਰੁੱਪ ਦੇ ਮੈਂਬਰ ਅਤੇ ਹੋਰ ਆਜ਼ਾਦ ਕੌਂਸਲਰ ਵੀ ਬਾਈਕਾਟ ਕਰਕੇ ਹਾਊਸ ’ਚੋਂ ਬਾਹਰ ਆ ਗਏ ਸਨ। 

ਰਿਸ਼ਵ ਜੈਨ ਅਤੇ ਰਾਜ ਰਾਣੀ ਜੈਨ ਨੇ ਕਿਹਾ ਕਿ ਕੈਬਨਿਟ ਮੰਤਰੀ ਸਿੱਧੂ ਨੇ ਸੀਨੀਅਰ ਆਗੂਆਂ ਨੂੰ ਅਣਗੌਲਿਆ ਕਰਕੇ ਆਪਣੇ ਪਰਿਵਾਰ ਨੂੰ ਅਹਿਮੀਅਤ ਦਿੱਤੀ ਹੈ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਅੱਜ ਹੋਈ ਚੋਣ ਨੂੰ ਉਹ ਗੈਰ-ਸੰਵਿਧਾਨਿਕ ਮੰਨਦੇ ਹਨ ਜਿਸ ਕਾਰਨ ਉਨ੍ਹਾਂ ਨੇ ਬਾਈਕਾਟ ਕੀਤਾ ਹੈ।

ਪਾਰਦਰਸ਼ੀ ਢੰਗ ਨਾਲ ਚੋਣ ਕੀਤੀ: ਬਲਬੀਰ ਸਿੰਘ ਸਿੱਧੂ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੋਣ ਪਾਰਦਰਸ਼ੀ ਢੰਗ ਨਾਲ ਓਪਨ ਹਾਊਸ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਸਰਬਸੰਮਤੀ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਢਾਈ ਸਾਲਾਂ ਲਈ ਹੈ। ਢਾਈ ਸਾਲਾਂ ਬਾਅਦ ਨਾਰਾਜ਼ ਆਗੂ ਰਿਸ਼ਵ ਜੈਨ ਨੂੰ ਮੇਅਰ ਅਤੇ ਯੂਥ ਆਗੂ ਨਰਪਿੰਦਰ ਸਿੰਘ ਰੰਗ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਜਾਵੇਗਾ। ਡਿਪਟੀ ਮੇਅਰ ਬਾਰੇ ਮੌਕੇ ਦੇ ਹਾਲਾਤ ਮੁਤਾਬਕ ਢੁੱਕਵਾਂ ਫੈਸਲਾ ਕੀਤਾ ਜਾਵੇਗਾ।

ਨਗਰ ਕੌਂਸਲ ਲਾਲੜੂ ਦੇ ਨਵੇਂ ਚੁਣੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਸੁਆਗਤ ਕਰਦੇ ਹੋਏ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿਲੱੋਂ।

ਲਾਲੜੂ ਨਗਰ ਕੌਂਸਲ: ਸਰਬਸੰਮਤੀ ਨਾਲ ਬਿੰਦੂ ਰਾਣਾ ਪ੍ਰਧਾਨ ਬਣੀ

ਲਾਲੜੂ (ਸਰਬਜੀਤ ਸਿੰਘ ਭੱਟੀ): ਨਗਰ ਕੌਂਸਲ ਲਾਲੜੂ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅੱਜ ਨਗਰ ਕੌਂਸਲ ਦੇ ਦਫਤਰ ਵਿੱਚ ਕਨਵੀਨਰ-ਕਮ-ਐਸ.ਡੀ.ਐਮ ਡੇਰਾਬਸੀ ਕੁਲਦੀਪ ਬਾਵਾ ਦੀ ਦੇਖ ਰੇਖ ਹੋਠ ਹੋਈ, ਜਿਸ ਵਿੱਚ 15 ਕਾਂਗਰਸੀ ਕੌਂਸਲਰਾਂ ਨੇ ਸਰਬਸੰਮਤੀ ਨਾਲ ਵਾਰਡ ਨੰਬਰ 5 ਤੋਂ ਕਾਂਗਰਸ ਦੀ ਕੌਂਸਲਰ ਬਿੰਦੂ ਰਾਣਾ ਪਤਨੀ ਸਾਬਕਾ ਮੀਤ ਪ੍ਰਧਾਨ ਮੁਕੇਸ ਰਾਣਾ ਨੂੰ ਪ੍ਰਧਾਨ ਚੁਣ ਲਿਆ ਗਿਆ। ਜਿਸ ਦੇ ਨਾਂ ਦੀ ਪੇਸਕਸ ਕੌਂਸਲਰ ਓਮੇਸ਼ ਕੁਮਾਰ ਲੱਕੀ ਨੇ ਕੀਤੀ ਅਤੇ ਤਾਇਦ ਕੌਂਸਲਰ ਬਲਕਾਰ ਸਿੰਘ ਰੰਗੀ ਦੱਪਰ ਅਤੇ ਯੁਗਵਿੰਦਰ ਸਿੰਘ ਬਸੀ ਵਲੋਂ ਕੀਤੀ ਗਈ। ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਬਿੰਦੂ ਰਾਣਾ ਦੇ ਨਾਂ ਤੇ ਪ੍ਰਧਾਨਗੀ ਦੀ ਮੋਹਰ ਲਾ ਦਿੱਤੀ। ਇਸ ਤੋਂ ਇਲਾਵਾ ਵਾਰਡ ਨੰਬਰ 8 ਤੋਂ ਪਵਨ ਨਾਰੰਗ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 4 ਤੋਂ ਗੁਰਨਾਮ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤੇ ਦੋਵੇਂ ਕੌਂਸਲਰ ਪਵਨ ਕੁਮਾਰ ਅਤੇ ਤ੍ਰਿਪਤਾ ਦੇਵੀ ਮੀਟਿੰਗ ਵਿੱਚ ਹਾਜ਼ਰੀ ਲਗਵਾਉਣ ਤੋਂ ਬਾਅਦ ਬਾਈਕਾਟ ਕਰਕੇ ਬਾਹਰ ਆ ਗਏ। ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਨੇ ਚੁਣੀ ਗਈ ਨਵਨਿਯੁਕਤ ਪ੍ਰਧਾਨ ਬਿੰਦੂ ਰਾਣਾ, ਸੀਨੀਅਰ ਮੀਤ ਪ੍ਰਧਾਨ ਪਵਨ ਨਾਰੰਗ ਅਤੇ ਮੀਤ ਪ੍ਰਧਾਨ ਗੁਰਨਾਮ ਸਿੰਘ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਨੀਤੀਆਂ ਅਤੇ ਸਮੁੂਹ ਵਰਕਰਾਂ ਦੀ ਜਿੱਤ ਹੈ।

ਨਵੇਂ ਚੁਣੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ.।

ਬਸੀ ਪਠਾਣਾਂ ਨਗਰ ਕੌਂਸਲ: ਰਵਿੰਦਰ ਰਿੰਕੂ ਬਹੁਸੰਮਤੀ ਨਾਲ ਪ੍ਰਧਾਨ ਬਣੇ

ਅਜੇ ਮਲਹੋਤਰਾ

ਬਸੀ ਪਠਾਣਾਂ, 12 ਅਪਰੈਲ

ਬਸੀ ਪਠਾਣਾਂ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਅੱਜ ਕੌਂਸਲ ਦਫਤਰ ਵਿੱਚ ਨਵੇਂ ਚੁਣੇ ਕੌਂਸਲਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਸ਼ਾਮਲ ਹੋਏ। 

ਮੀਟਿੰਗ ਦੌਰਾਨ ਚੋਣ ਕਨਵੀਨਰ ਤੇ ਐੱਸਡੀਐੱਮ ਬਸੀ ਪਠਾਣਾਂ ਜਸਪ੍ਰੀਤ ਸਿੰਘ ਨੇ ਪਹਿਲਾਂ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਅਤੇ ਇਸ ਮਗਰੋਂ ਕੌਂਸਲ ਪ੍ਰਧਾਨ ਦੀ ਚੋਣ ਕਰਵਾਈ। ਪ੍ਰਧਾਨ ਦੀ ਚੋਣ ਲਈ ਕੌਂਸਲਰਾਂ ਨੇ ਤੀਜੀ ਵਾਰ ਕੌਂਸਲਰ ਬਣੇ ਅਤੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨੂੰ ਬਹੁਸੰਮਤੀ ਨਾਲ ਪ੍ਰਧਾਨ ਚੁਣ ਲਿਆ। ਚੋਣ ਮੀਟਿੰਗ ਦੌਰਾਨ ਪ੍ਰਧਾਨ ਦੇ ਅਹੁਦੇ ਲਈ ਰਵਿੰਦਰ ਕੁਮਾਰ ਰਿੰਕੂ ਦਾ ਨਾਂ ਕੌਂਸਲਰ ਅਨਿਲ ਕੁਮਾਰ ਲੂੰਬਾ ਨੇ ਪੇਸ਼ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ  ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਆਜ਼ਾਦ ਕੌਂਸਲਰ ਬਿੰਦੂ ਅਤੇ ਇੱਕ ਹੋਰ ਕੌਂਸਲਰ ਨੇ ਇਸ ਦਾ ਵਿਰੋਧ ਕੀਤਾ। ਸੀਨੀਅਰ ਮੀਤ ਪ੍ਰਧਾਨ ਲਈ ਬਲਜੀਤ ਕੌਰ ਢੀਂਡਸਾ ਅਤੇ ਮੀਤ ਪ੍ਰਧਾਨ ਲਈ ਪਵਨ ਸ਼ਰਮਾ ਚੁਣੇ ਗਏ। ਪ੍ਰਧਾਨਗੀ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਇੱਕੋ ਹੀ ਚੁਣੇ ਗਏ ਕੌਂਸਲਰ ਰਾਜ ਕੁਮਾਰ ਪੁਰੀ ਨੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਈ। 

ਵਿਧਾਇਕ ਰਣਦੀਪ ਸਿੰਘ, ਨਵ-ਨਿਯੁਕਤ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਮੀਤ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਹੋਰ ਜੇਤੂ ਨਿਸ਼ਾਨ ਬਣਾਉਂਦੇ ਹੋਏ।

ਹਰਪ੍ਰੀਤ ਸਿੰਘ ਪ੍ਰਿੰਸ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ  ਦੇ ਪ੍ਰਧਾਨ ਬਣੇ

ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਚੋਣ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਅਤੇ ਐੱਸ.ਡੀ.ਐੱਮ ਅਮਲੋਹ ਅਨੰਦ ਸਾਗਰ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ ਪ੍ਰਿੰਸ ਨੂੰ ਪ੍ਰਧਾਨ ਅਤੇ ਅਸ਼ੋਕ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਹਰਪ੍ਰੀਤ ਸਿੰਘ ਪ੍ਰਿੰਸ ਦਾ ਪ੍ਰਧਾਨਗੀ ਲਈ ਨਾਮ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਹਰਮੀਤ ਕੌਰ ਭਾਂਬਰੀ ਨੇ ਪੇਸ਼ ਕੀਤਾ ਜਿਸ ਦੀ ਤਾਇਦ ਪੂਜਾ ਰਾਣੀ ਨੇ ਕੀਤੀ। ਇਸੇ ਤਰ੍ਹਾਂ ਅਸ਼ੋਕ ਸ਼ਰਮਾ ਦਾ ਨਾਮ ਅਮਿਤ ਜੈਚੰਦ ਲੱਕੀ ਸ਼ਰਮਾ ਨੇ ਪੇਸ਼ ਕੀਤਾ, ਜਿਸ ਦੀ ਤਾਇਦ ਲਿਪਸੀ ਠਾਕੁਰ ਨੇ ਕੀਤੀ। ਬਾਅਦ ਵਿੱਚ ਢੋਲ ਢਮੱਕੇ ਨਾਲ ਉਨ੍ਹਾਂ ਦੇ ਸਮਰਥਕਾਂ ਨੇ ਸ਼ਹਿਰ ਵਿੱਚ ਜਲੂਸ ਕੱਢਿਆ। ਇਸ ਮੌਕੇ ਵਿਧਾਇਕ ਰਣਦੀਪ ਸਿੰਘ ਨੇ ਭਰੋਸਾ ਦਿੱਤਾ ਕਿ ਸ਼ਹਿਰ ਦੇ ਅਧੂਰੇ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੌਂਸਲ ਵਿੱਚ ਜੂਨੀਅਰ ਮੀਤ ਪ੍ਰਧਾਨ ਦੇ ਪਦ ਲਈ ਸੋਮਵਾਰ ਨੂੰ ਕੌਂਸਲ ਦੀ ਮੀਟਿੰਗ ਬੁਲਾ ਕੇ ਮਤਾ ਪਾਸ ਕਰਕੇ ਸਰਕਾਰ ਤੋਂ ਪ੍ਰਵਾਨਗੀ ਲਈ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All