HC Sets September Deadline for Dadu Majra Dump Clearance: ਡੱਡੂਮਾਜਰਾ ਡੰਪਿੰਗ ਗਰਾਊਂਡ ਸਤੰਬਰ ਤੱਕ ਸਾਫ਼ ਕਰਨ ਦੇ ਹੁਕਮ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੂਡ਼ੇ ਦੀ ਸਮੱਸਿਆ ਨੂੰ ਗੰਭੀਰ ਮਾਮਲਾ ਦੱਸਿਆ; ਮਾਮਲੇ ’ਤੇ ਅਗਲੀ ਸੁਣਵਾਈ 28 ਸਤੰਬਰ ਨੂੰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਚੰਡੀਗੜ੍ਹ ਨਗਰ ਨਿਗਮ ਨੂੰ ਸ਼ਹਿਰ ਦੇ ਸੈਕਟਰ 38 ਵਿੱਚ ਸਥਿਤ ਡੱਡੂਮਾਜਰਾ ਡੰਪਿੰਗ ਗਰਾਊਂਡ ਅਤੇ ਹੋਰਨਾਂ ਥਾਵਾਂ ’ਤੇ ਪਏ ਕੂੜੇ ਨੂੰ ਸਤੰਬਰ ਮਹੀਨੇ ਦੇ ਅਖੀਰ ਤੱਕ ਸਾਫ਼ ਕਰਨ ਦਾ ਸਮਾਂ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਡੱਡੂਮਾਜਰਾ ਡੰਪਿੰਗ ਗਰਾਊਂਡ ਨਾਲ ਸਬੰਧਤ ਚੱਲ ਰਹੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਡੱਡੂਮਾਜਰਾ ਡੰਪਿੰਗ ਗਰਾਊਂਡ ਨਾਲ ਸਬੰਧਤ ਜਨਹਿੱਤ ਪਟੀਸ਼ਨ ਦਾ ਅਜੇ ਨਬੇੜਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਡੱਡੂਮਾਜਰਾ ਡੰਪਿੰਗ ਗਰਾਊਂਡ ਦੀ ਕਾਫ਼ੀ ਸਫ਼ਾਈ ਕੀਤੀ ਗਈ ਹੈ, ਪਰ ਹਾਲੇ ਵੀ ਮੁਕੰਮਲ ਤੌਰ ’ਤੇ ਸਫ਼ਾਈ ਹੋਣੀ ਬਾਕੀ ਹੈ। ਮਾਨਯੋਗ ਜੱਜਾਂ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਜਿਸ ’ਤੇ ਅਧਿਕਾਰੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਕੂੜੇ ਦਾ ਜਲਦ ਤੋਂ ਜਲਦ ਸਫਾਇਆ ਕਰਨਾ ਚਾਹੀਦਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 28 ਸਤੰਬਰ ’ਤੇ ਪਾ ਦਿੱਤੀ ਹੈ। ਅਗਲੀ ਤਰੀਕ ’ਤੇ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇਗੀ।
ਚੰਡੀਗੜ੍ਹ ਨਗਰ ਨਿਗਮ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਗੌਰਵ ਨੇ ਦੱਸਿਆ ਕਿ ਡੱਡੂਮਾਜਰਾ ਡੰਪਿੰਗ ਗਰਾਊਂਡ ਵਿੱਚੋਂ ਕਾਫ਼ੀ ਮਾਤਰਾ ਵਿੱਚ ਕੂੜਾ ਹਟਾ ਦਿੱਤਾ ਗਿਆ ਹੈ। ਉੱਥੇ ਪੌਦੇ ਵੀ ਲਾਏ ਗਏ ਹਨ ਅਤੇ ਨਗਰ ਨਿਗਮ ਦੀ ਤਜਵੀਜ਼ ਹੈ ਕਿ 45 ਏਕੜ ਜ਼ਮੀਨ ਦੇ ਲਗਭਗ 33 ਫੀਸਦੀ ਹਿੱਸੇ ’ਤੇ ਬੂਟੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕੂੜੇ ਦੇ ਨਿਪਟਾਰੇ ਲਈ ਸਬੰਧਤ ਪਲਾਂਟ ’ਤੇ ਕੰਮ ਚੱਲ ਰਿਹਾ ਹੈ। ਮਾਮਲੇ ਦੀ ਖ਼ੁਦ ਪੈਰਵੀ ਕਰ ਰਹੇ ਵਕੀਲ ਐਡਵੋਕੇਟ ਅਮਿਤ ਸ਼ਰਮਾ ਨੇ ਮੰਨਿਆ ਕਿ ਡੱਡੂਮਾਜਰਾ ਵਿੱਚ ਪਹਿਲਾਂ ਦੇ ਮੁਕਾਬਲੇ ਸਫਾਈ ਹੋਈ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚੋਂ ਕੂੜਾ ਚੁੱਕਣ ਲਈ ਕੰਮ ਕੀਤਾ ਜਾ ਰਿਹਾ ਹੈ।
ਐਡਵੋਕੇਟ ਸ਼ਰਮਾ ਨੇ ਅਦਾਲਤ ਦਾ ਧਿਆਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਲੱਗੇ ਕੂੜੇ ਦੇ ਢੇਰਾਂ ਵੱਲ ਦਿਵਾਇਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਤੇ ਇਸ ਵੱਲ ਵੀ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ। ਨਗਰ ਨਿਗਮ ਦੇ ਵਕੀਲ ਗੌਰਵ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਇੱਕ ਮਹੀਨੇ ਦੌਰਾਨ ਸ਼ਹਿਰ ਵਿੱਚੋਂ ਕੂੜੇ ਦਾ ਸਫਾਇਆ ਕਰ ਦਿੱਤਾ ਜਾਵੇਗਾ।

