Hardial Singh Kamboj: ਵਿਵਾਦਗ੍ਰਸਤ ਥਾਂ ਵਿੱਚ ਕੀਤੀ ਉਸਾਰੀ ਢਾਹੀ
ਇੱਥੇ ਵਾਰਡ ਨੰਬਰ 12 ਵਿੱਚ ਅੱਜ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਮੌਜੂਦਗੀ ਵਿੱਚ ਵੱਡੀ ਗਿਣਤੀ ਕਾਂਗਰਸੀ ਕਾਰਕੁਨਾਂ ਅਤੇ ਵਾਰਡ ਦੀਆਂ ਮਹਿਲਾਵਾਂ ਨੇ ਵਿਵਾਦਗ੍ਰਸਤ ਜ਼ਮੀਨ ਵਿੱਚ ਕੀਤੀ ਜਾ ਰਹੀ ਉਸਾਰੀ ਨੂੰ ਖ਼ੁਦ ਹੀ ਢਾਹ ਦਿੱਤਾ। ਇਸ ਮੌਕੇ ਔਰਤਾਂ ਨੇ...
ਇੱਥੇ ਵਾਰਡ ਨੰਬਰ 12 ਵਿੱਚ ਅੱਜ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਮੌਜੂਦਗੀ ਵਿੱਚ ਵੱਡੀ ਗਿਣਤੀ ਕਾਂਗਰਸੀ ਕਾਰਕੁਨਾਂ ਅਤੇ ਵਾਰਡ ਦੀਆਂ ਮਹਿਲਾਵਾਂ ਨੇ ਵਿਵਾਦਗ੍ਰਸਤ ਜ਼ਮੀਨ ਵਿੱਚ ਕੀਤੀ ਜਾ ਰਹੀ ਉਸਾਰੀ ਨੂੰ ਖ਼ੁਦ ਹੀ ਢਾਹ ਦਿੱਤਾ। ਇਸ ਮੌਕੇ ਔਰਤਾਂ ਨੇ ਸਬੰਧਤ ਉਸਾਰੀ ਕਰਨ ਵਾਲਿਆਂ ਨੂੰ ਮੌਕੇ ਤੋਂ ਵੀ ਭਜਾ ਦਿੱਤਾ।
ਸ੍ਰੀ ਕੰਬੋਜ ਨੇ ਕਿਹਾ ਕਿ ਇਸ ਥਾਂ ਵਿੱਚ 100 ਸਾਲ ਤੋਂ ਸਥਾਨਕ ਵਸਨੀਕਾਂ ਦੀਆਂ ਰੂੜੀਆਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਦਾ ਕੌਂਸਲਰ ਭਜਨ ਲਾਲ ਸਬੰਧਤ ਥਾਂ ’ਤੇ ਲੰਮੇ ਸਮੇਂ ਤੋਂ ਆਪਣੇ ਸਮਰਥਕਾਂ ਰਾਹੀਂ ਕਥਿਤ ਕਬਜ਼ਾ ਕਰਨਾ ਚਾਹੁੰਦਾ ਹੈ। ਵਾਰਡ ਵਾਸੀ ਕਈ ਵਾਰ ਉਸ ਨੂੰ ਰੋਕ ਚੁੱਕੇ ਹਨ। ਉਹ ਹੁਣ ਆਪਣੇ ਸਮਰਥਕਾਂ ਰਾਹੀਂ ਉਸਾਰੀ ਕਰਵਾ ਰਿਹਾ ਸੀ। ਸ੍ਰੀ ਕੰਬੋਜ ਨੇ ਦੱਸਿਆ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਵਾਰਡ ਵਾਸੀਆਂ ਨੂੰ ਬਾਕਾਇਦਾ ਸਟੇਅ ਵੀ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਨਗਰ ਕੌਂਸਲ, ਪੁਲੀਸ ਅਤੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਵਾਰਡ ਵਾਸੀਆਂ ਨੇ ਕੀਤਾ ਹੈ, ਉਹ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹਨ। ਕਿਸੇ ਵੀ ਕੀਮਤ ’ਤੇ ਇੱਥੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ‘ਆਪ’ ਦੇ ਕੌਂਸਲਰ ਕਰਨੈਲ ਸਿੰਘ ਨੇ ਵੀ ਸਬੰਧਤ ਕਬਜ਼ੇ ਖ਼ਿਲਾਫ਼ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਾਇਆ।
ਉਸਾਰੀ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ: ਭਜਨ ਲਾਲ
‘ਆਪ’ ਦੇ ਕੌਂਸਲਰ ਭਜਨ ਲਾਲ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਬੰਧਤ ਥਾਂ ਅਤੇ ਉਸਾਰੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣ-ਬੁੱਝ ਕੇ ਸਿਆਸੀ ਤੌਰ ’ਤੇ ਬਦਨਾਮ ਕੀਤਾ ਜਾ ਰਿਹਾ ਹੈ।

