ਗੁਰਸ਼ਰਨ ਸਿੰਘ ਨਾਟ ਉਤਸਵ ਅੱਜ ਤੋਂ
ਸੁਚੇਤਕ ਰੰਗਮੰਚ ਮੁਹਾਲੀ ਸਾਲ-2004 ਤੋਂ ਲਗਾਤਾਰ ‘ਗੁਰਸ਼ਰਨ ਸਿੰਘ ਨਾਟ ਉਤਸਵ’ ਕਰਦਾ ਆ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਇਸ ਸਾਲ ਇਹ ਨਾਟ-ਉਤਸਵ 7 ਦਸੰਬਰ ਤੋਂ 11 ਦਸੰਬਰ ਤੱਕ ਹੋਣ ਜਾ ਰਿਹਾ ਹੈ, ਜਿਸ ’ਚ ਰੋਜ਼ਾਨਾ ਸ਼ਾਮ ਸਾਢੇ 6 ਵਜੇ ਤੋਂ ਛੇ ਨਾਟਕ ਖੇਡੇ ਜਾਣਗੇ। ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਨਾਟ ਉਤਸਵ ਦਾ ਆਗਾਜ਼ ਗੁਰਸ਼ਰਨ ਸਿੰਘ ਨੂੰ ਸੰਗੀਤ ਨਾਟਕ ਅਕਾਦਮੀ ਤੇ ਕਾਲੀਦਾਸ ਸਨਮਾਨ ਮਿਲਣ ਦੀ ਖ਼ੁਸ਼ੀ ਸਾਂਝੀ ਕਰਨ ਲਈ ਕੀਤਾ ਗਿਆ ਸੀ। ਅੱਜ ‘ਗੁਰਸ਼ਰਨ ਸਿੰਘ ਨਾਟ ਉਤਸਵ’ ਚੰਡੀਗੜ੍ਹ ਦੀਆਂ ਰੰਗਮੰਚੀ ਸਰਗਰਮੀਆਂ ਦਾ ਸਥਾਈ ਅੰਗ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ 7 ਦਸੰਬਰ ਨੂੰ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਸੁਰਿੰਦਰ ਸ਼ਰਮਾ ਦਾ ਨਾਟਕ ਪੇਸ਼ ਹੋਵੇਗਾ। ਅਗਲੇ ਦਿਨ ‘ਅਕਸ ਰੰਗਮੰਚ’ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ‘ਬੁੱਲ੍ਹਾ ਕੀ ਜਾਣੇ ਮੈਂ ਕੌਣ’ ਨਾਟਕ ਖੇਡਿਆ ਜਾਵੇਗਾ, 9 ਦਸੰਬਰ ਨੂੰ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਬਜ਼ੁਰਗਾਂ ਦੇ ਪਰਿਵਾਰਕ ਜੀਵਨ ਦੀ ਹਲਚਲ ਨੂੰ ਜ਼ਾਹਿਰ ਕਰੇਗਾ, 10 ਦਸੰਬਰ ਦੀ ਸ਼ਾਮ ਗੁਰਸ਼ਰਨ ਸਿੰਘ ਦੇ ਨਾਟ-ਮੰਚ ਦੀ ਸ਼ੈਲੀ ਨੂੰ ਸਮਰਪਿਤ ਹੋਵੇਗਾ। ਇਸ ਦਿਨ ਉਨ੍ਹਾਂ ਦੇ ਦੋ ਨਾਟਕ ਖੇਡੇ ਜਾਣਗੇ ਜਿਨ੍ਹਾਂ ਵਿੱਚ ਪਹਿਲਾ ਨਾਟਕ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ‘ਰਾਹਤ’ ਹੋਵੇਗਾ ਜਦਕਿ ਦੂਸਰਾ ਨਾਟਕ ‘ਸੁਖੀ ਬਸੈ ਮਸਕੀਨੀਆ’ ਸਟੇਜ ਟੂ ਸਕਰੀਨ ਕਲੱਬ ਮੋਹਾਲੀ ਵੱਲੋਂ ਰਮਨ ਢਿੱਲੋਂ ਦੀ ਨਿਰਦੇਸ਼ਨਾ ਹੇਠ ਪੇਸ਼ ਹੋਵੇਗਾ।ਨਾਟ ਉਤਸਵ ਦੇ ਸਿਖ਼ਰਲੇ ਦਿਨ ਗ਼ਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਦੀ ਜੀਵਨ ਗਾਥਾ ਪੇਸ਼ ਕਰਦਾ ਨਾਟਕ ‘ਖਿੜਦੇ ਰਹਿਣ ਗੁਲਾਬ’ ਨਾਟਕ ਪੇਸ਼ ਹੋਵੇਗਾ। ਇਸ ਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਵੱਲੋਂ ਕੀਤਾ ਜਾਵੇਗਾ ਤੇ ਸੋਲੋ ਨਾਟਕ ਵਿੱਚ ਅਭਿਨੈ ਵੀ ਉਹੀ ਕਰਨਗੇ।
