Gurdwara Bangla Sahib: ਪੁਲੀਸ ਦਾਖਲੇ ਤੋਂ ਬਾਅਦ ‘ਆਪ’ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਗਿਆ ‘ਅਸਤੀਫ਼ਾ’
ਦਿੱਲੀ ਪੁਲੀਸ ’ਤੇ ਜੁੱਤੀਆਂ ਸਮੇਤ ਗੁਰੂ ਘਰ ’ਚ ਦਾਖਲ ਹੋ ਕੇ ਸਿੱਖ ਮਰਿਆਦਾ ਭੰਗ ਕਰਨ ਦੇ ਦੋਸ਼
ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਵੱਲੋਂ ਕਥਿਤ ਤੌਰ ’ਤੇ ਜੁੱਤੀਆਂ ਸਮੇਤ ਦਾਖਲ ਹੋ ਕੇ ਪ੍ਰਦਰਸ਼ਨਕਾਰੀਆਂ ਨੂੰ ਘੜੀਸ ਕੇ ਬਾਹਰ ਕੱਢਣ ਦੇ ਮਾਮਲੇ ’ਤੇ ਆਮ ਆਦਮੀ ਪਾਰਟੀ (AAP) ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਨੇ ਸਿੱਖ ਧਾਰਮਿਕ ਮਰਿਆਦਾ ਦੀ ਹੋਈ ਬੇਅਦਬੀ ਅਤੇ ਅਪਮਾਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੰਭੀਰ ਮਾਮਲੇ ਨੂੰ ਤੁਰੰਤ ਕੇਂਦਰ ਸਰਕਾਰ ਕੋਲ ਚੁੱਕਣ, ਕਿਉਂਕਿ ਇਹ ਸਿੱਧੇ ਤੌਰ ’ਤੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ। ‘ਆਪ’ ਨੇ ਬੀਤੇ ਦਿਨ ਵਾਪਰੀ ਇਸ ਘਟਨਾ ਦੀ ਤੁਲਨਾ ‘ਅਪਰੇਸ਼ਨ ਬਲੂ ਸਟਾਰ’ ਦੌਰਾਨ ਦਰਬਾਰ ਸਾਹਿਬ ’ਚ ਹੋਈ ਫ਼ੌਜੀ ਕਾਰਵਾਈ ਨਾਲ ਕੀਤੀ ਹੈ।
ਕੀ ਇਹ ਐਮਰਜੈਂਸੀ 2.0 ਹੈ? - ਬਲਤੇਜ ਪੰਨੂ
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ 'ਆਪ' ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਵਾਪਰੀ ਘਟਨਾ ਨਾਲ ਸਮੁੱਚੀ ਸਿੱਖ ਸੰਗਤ ਅਤੇ ਹਰਪੱਖੀ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ। ਪੰਨੂ ਨੇ ਸਵਾਲ ਕੀਤਾ, “ਕੀ ਇਹ ਐਮਰਜੈਂਸੀ 2.0 ਹੈ? ਪੁਲੀਸ ਮੁਲਾਜ਼ਮ ਜੁੱਤੀਆਂ ਪਾ ਕੇ ਗੁਰੂ ਘਰ ਅੰਦਰ ਵੜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਧੂਹ ਕੇ ਬਾਹਰ ਕੱਢਿਆ। ਸਭ ਜਾਣਦੇ ਹਨ ਕਿ ਗੁਰਦੁਆਰਾ ਸਾਹਿਬ ਹਰ ਕਿਸੇ ਲਈ ਆਸਰਾ ਅਤੇ ਲੰਗਰ ਛਕਣ ਦੀ ਪਵਿੱਤਰ ਥਾਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਦਿੱਲੀ ਪੁਲੀਸ ਵੱਲੋਂ ਸਾਡੇ ਧਾਰਮਿਕ ਅਸਥਾਨ ਤੋਂ ਲੋਕਾਂ ਨੂੰ ਇਸ ਤਰ੍ਹਾਂ ਧੂਹਣਾ ਬੇਹੱਦ ਸ਼ਰਮਨਾਕ ਹੈ। ਕੀ ਉਹ ਕੋਈ ਅਪਰਾਧੀ ਜਾਂ ਅਤਿਵਾਦੀ ਸਨ ਜੋ ਪੁਲੀਸ ਸਿੱਖ ਮਰਿਆਦਾ ਵੀ ਭੁੱਲ ਗਈ?” ਪੰਨੂ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਇਖ਼ਲਾਕੀ ਆਧਾਰ ’ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।
ਡੀਐੱਸਜੀਐੱਮਸੀ ਦੀ ਸਫ਼ਾਈ ਅਤੇ ਅਕਾਲੀ ਦਲ ’ਤੇ ਨਿਸ਼ਾਨਾ
ਜ਼ਿਕਰਯੋਗ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਦਾ ਪ੍ਰਬੰਧ ਚਲਾਉਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਬੀਤੇ ਦਿਨ ਪੁਲੀਸ ਕਾਰਵਾਈ ਦਾ ਬਚਾਅ ਕੀਤਾ ਸੀ। DSGMC ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ‘ਆਪ’ ’ਤੇ ‘ਗੰਦੀ ਰਾਜਨੀਤੀ’ ਕਰਨ ਅਤੇ ਗੁਰਦੁਆਰਾ ਸਾਹਿਬ ਨੂੰ ਵਿਵਾਦ ਵਿੱਚ ਘਸੀਟਣ ਦੇ ਦੋਸ਼ ਲਾਏ ਸਨ।
ਦੂਜੇ ਪਾਸੇ ਬਲਤੇਜ ਪੰਨੂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੰਜਾਬ ਦਾ ਕੋਈ ਵੀ ਸਿੱਖ ਭਾਜਪਾ ਦਾ ਸਮਰਥਨ ਨਹੀਂ ਕਰੇਗਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪ ’ਤੇ ਵੀ ਸਵਾਲ ਚੁੱਕੇ। ਪੰਨੂ ਨੇ ਕਿਹਾ ਕਿ ਦੋਵੇਂ ਆਗੂ ਪੰਜਾਬ ਚੋਣਾਂ ਲਈ ਭਾਜਪਾ ਨਾਲ ਗਠਜੋੜ ਦੀ ਆਸ ’ਚ ਇਸ ਇਤਰਾਜ਼ਯੋਗ ਘਟਨਾ ’ਤੇ ਚੁੱਪ ਵੱਟੀ ਬੈਠੇ ਹਨ।

