Gulmohar Township Case: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਅਧਿਕਾਰੀਆਂ ’ਤੇ ਮੁੜ ਕਸਿਆ ਸ਼ਿਕੰਜਾ, ਈਡੀ ਵੱਲੋਂ ਛਾਪੇਮਾਰੀ
ਸਨਅਤੀ ਪਲਾਟਾਂ ਦੀ ਵੰਡ ਅਤੇ ਗ਼ੈਰ-ਕਾਨੂੰਨੀ ਤਬਦੀਲੀ ਦੇ ਦੋਸ਼ਾਂ ਤਹਿਤ ਕੇਂਦਰੀ ਏਜੰਸੀ ਵੱਲੋਂ ਪੜਤਾਲ ਤੇਜ਼; ਕਈ ਸੀਨੀਅਰ ਅਧਿਕਾਰੀ ਮੁੜ ਘੇਰੇ ਵਿੱਚ
ਮੁਹਾਲੀ ਦੇ ਫੇਜ਼-9 ਸਨਅਤੀ ਖੇਤਰ ਵਿੱਚ ਵਿਵਾਦਾਂ ’ਚ ਘਿਰੇ ਗੁਲਮੋਹਰ ਟਾਊਨਸ਼ਿਪ ਦਾ ਮਾਮਲਾ ਉਦਯੋਗ ਵਿਭਾਗ ਦੇ ਅਧਿਕਾਰੀਆਂ ਲਈ ਇੱਕ ਵਾਰ ਫਿਰ ਵੱਡੀ ਮੁਸੀਬਤ ਬਣ ਗਿਆ ਹੈ। ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਪ੍ਰਾਜੈਕਟ ਅਤੇ ਇਸ ਦੇ ਪ੍ਰਮੋਟਰਾਂ ਨਾਲ ਸਬੰਧਤ ਠਿਕਾਣਿਆਂ 'ਤੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਇਹ ਜਾਂਚ ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਅਤੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਵਿੱਚ ਪਲਾਟਾਂ ਦੀ ਅਲਾਟਮੈਂਟ ਦੌਰਾਨ ਹੋਈਆਂ ਕਥਿਤ ਬੇਨਿਯਮੀਆਂ ਨਾਲ ਜੋੜ ਕੇ ਦੇਖੀ ਜਾ ਰਹੀ ਹੈ। ਇਸ ਘੁਟਾਲੇ ਦੇ ਸਮੇਂ ਦੌਰਾਨ ਉਦਯੋਗ ਵਿਭਾਗ ਵਿੱਚ ਤਾਇਨਾਤ ਰਹੇ ਕਈ ਸੀਨੀਅਰ ਆਈਏਐੱਸ ਅਧਿਕਾਰੀ ਵੀ ਇਸ ਮਾਮਲੇ ਦੇ ਘੇਰੇ ਵਿੱਚ ਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸਾਲ 2023 ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਇੱਕ ਸੀਨੀਅਰ ਆਈਏਐੱਸ ਅਧਿਕਾਰੀ ਅਤੇ 10 ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਇੱਕ ਸਨਅਤੀ ਪਲਾਟ ਨੂੰ ਰੀਅਲਟਰ ਕੰਪਨੀ ਦੇ ਨਾਂ ਤਬਦੀਲ ਕਰਨ ਅਤੇ ਉਸ ਨੂੰ ਕੱਟ ਕੇ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀ ਦੇਣ ਦੇ ਦੋਸ਼ ਹੇਠ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਇਸ ਸਬੰਧੀ ਰੀਅਲਟਰ ਫ਼ਰਮ 'ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ' ਦੇ ਤਿੰਨ ਮਾਲਕਾਂ 'ਤੇ ਵੀ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਨੇ ਉਕਤ ਫ਼ਰਮ ਨੂੰ ਗ਼ੈਰ-ਕਾਨੂੰਨੀ ਲਾਭ ਪਹੁੰਚਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਤਹਿਤ ਪੀਐੱਸਆਈਈਸੀ ਦੇ 7 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਇਨ੍ਹਾਂ ਅਧਿਕਾਰੀਆਂ ਨੂੰ ਬਹਾਲ ਕਰ ਦਿੱਤਾ ਗਿਆ ਅਤੇ ਸਰਕਾਰ ਵੱਲੋਂ ਪ੍ਰਾਜੈਕਟ ਨੂੰ ਮੁੜ ਹਰੀ ਝੰਡੀ ਦੇ ਦਿੱਤੀ ਗਈ ਸੀ।
ਮਾਮਲੇ ਦੇ ਪਿਛੋਕੜ ਅਨੁਸਾਰ, ਪੰਜਾਬ ਸਰਕਾਰ ਨੇ ਸਾਲ 1987 ਵਿੱਚ ਆਨੰਦ ਲੈਂਪਸ ਲਿਮਟਿਡ ਨੂੰ ਇੱਕ ਸੇਲ ਡੀਡ ਰਾਹੀਂ 25 ਏਕੜ ਜ਼ਮੀਨ ਅਲਾਟ ਕੀਤੀ ਸੀ, ਜੋ ਬਾਅਦ ਵਿੱਚ ਸਿਗਨੀਫਾਈ ਇਨੋਵੇਸ਼ਨਜ਼ ਨਾਂ ਦੀ ਫ਼ਰਮ ਨੂੰ ਤਬਦੀਲ ਹੋ ਗਈ। ਉਪਰੰਤ, ਸਿਗਨੀਫਾਈ ਇਨੋਵੇਸ਼ਨਜ਼ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀਐੱਸਆਈਡੀਸੀ) ਤੋਂ ਇਤਰਾਜ਼ਹੀਣਤਾ ਸਰਟੀਫਿਕੇਟ (ਐੱਨਓਸੀ) ਹਾਸਲ ਕਰਕੇ ਇਹ ਪਲਾਟ ਸੇਲ ਡੀਡ ਰਾਹੀਂ ਗੁਲਮੋਹਰ ਟਾਊਨਸ਼ਿਪ ਨੂੰ ਵੇਚ ਦਿੱਤਾ। ਮਾਰਚ 2021 ਵਿੱਚ, ਤਤਕਾਲੀ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਗੁਲਮੋਹਰ ਟਾਊਨਸ਼ਿਪ ਵੱਲੋਂ ਪਲਾਟਾਂ ਦੀ ਅਗਲੇਰੀ ਵੰਡ ਸਬੰਧੀ ਮਿਲੀ ਇੱਕ ਚਿੱਠੀ ਪੀਐੱਸਆਈਡੀਸੀ ਦੇ ਤਤਕਾਲੀ ਐੱਮਡੀ ਨੂੰ ਕਾਰਵਾਈ ਹਿੱਤ ਭੇਜੀ ਸੀ। ਇਸ ਤੋਂ ਬਾਅਦ ਐੱਮਡੀ ਨੇ ਇਸ ਰੀਅਲਟਰ ਫ਼ਰਮ ਦੇ ਪ੍ਰਸਤਾਵ ਦੀ ਘੋਖ ਕਰਨ ਲਈ ਇੱਕ ਵਿਭਾਗੀ ਕਮੇਟੀ ਗਠਿਤ ਕੀਤੀ ਸੀ।
ਜਾਂਚ ਮੁਤਾਬਕ, ਵਿਭਾਗੀ ਕਮੇਟੀ ਨੇ ਪ੍ਰਾਜੈਕਟ ਰਿਪੋਰਟ, ਪ੍ਰਸਤਾਵ ਰਿਪੋਰਟ, ਆਰਟੀਕਲਜ਼ ਆਫ਼ ਐਸੋਸੀਏਸ਼ਨ ਅਤੇ ਮੈਮੋਰੰਡਮ ਆਫ਼ ਐਸੋਸੀਏਸ਼ਨ ਵਰਗੇ ਅਹਿਮ ਦਸਤਾਵੇਜ਼ਾਂ ਨੂੰ ਦਰਕਿਨਾਰ ਕਰਦਿਆਂ ਉਕਤ ਰੀਅਲਟਰ ਫ਼ਰਮ ਵੱਲੋਂ 12 ਪਲਾਟਾਂ ਨੂੰ ਵੰਡ ਕੇ 125 ਪਲਾਟ ਬਣਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਤੋਂ ਇਲਾਵਾ, ਇਸ ਕਮੇਟੀ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਨਿਗਮ ਵਰਗੇ ਸਬੰਧਤ ਅਦਾਰਿਆਂ ਦੀ ਰਾਇ ਲਏ ਬਿਨਾਂ ਹੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਗੁਲਮੋਹਰ ਟਾਊਨਸ਼ਿਪ ਦੇ ਹੱਕ ਵਿੱਚ ਸਿਫ਼ਾਰਸ਼ ਕਰ ਦਿੱਤੀ ਸੀ। ਹੁਣ ਈਡੀ ਦੀ ਦਖ਼ਲਅੰਦਾਜ਼ੀ ਕਾਰਨ ਇਹ ਸਾਰਾ ਮਾਮਲਾ ਮੁੜ ਸੁਰਖ਼ੀਆਂ ਵਿੱਚ ਆ ਗਿਆ ਹੈ।

