ਚੰਡੀਗੜ੍ਹ ਵਿੱਚ ਫੁੱਲਾਂ ਦੀ ਖੁਸ਼ਬੂ ਬਿਖੇਰਦਾ ਗੁਲਦਾਉਦੀ ਸ਼ੋਅ ਸ਼ੁਰੂ : The Tribune India

ਚੰਡੀਗੜ੍ਹ ਵਿੱਚ ਫੁੱਲਾਂ ਦੀ ਖੁਸ਼ਬੂ ਬਿਖੇਰਦਾ ਗੁਲਦਾਉਦੀ ਸ਼ੋਅ ਸ਼ੁਰੂ

ਸੰਸਦ ਮੈਂਬਰ ਕਿਰਨ ਖੇਰ ਨੇ ਕੀਤਾ ਉਦਘਾਟਨ; ਨਗਰ ਨਿਗਮ ਨੇ ਮੇਲੇ ਨੂੰ ਰੱਖਿਆ ਪਲਾਸਟਿਕ ਤੇ ਰਹਿੰਦ-ਖੂੰਹਦ ਤੋਂ ਮੁਕਤ

ਚੰਡੀਗੜ੍ਹ ਵਿੱਚ ਫੁੱਲਾਂ ਦੀ ਖੁਸ਼ਬੂ ਬਿਖੇਰਦਾ ਗੁਲਦਾਉਦੀ ਸ਼ੋਅ ਸ਼ੁਰੂ

ਗੁਲਾਦਾਉਦੀ ਸ਼ੋਅ ਦੇ ਉਦਘਾਟਨ ਮੌਕੇ ਫੋਟੋ ਖਿਚਵਾਉਂਦੀ ਹੋਈ ਸੰਸਦ ਮੈਂਬਰ ਕਿਰਨ ਖੇਰ। -ਫੋਟੋ: ਪ੍ਰਦੀਪ ਤਿਵਾੜੀ

ਮੁਕੇਸ਼ ਕੁਮਾਰ
ਚੰਡੀਗੜ੍ਹ, 9 ਦਸੰਬਰ

ਚੰਡੀਗੜ੍ਹ ਦੇ ਸੈਕਟਰ 33 ਸਥਿਤ ਟੈਰੇਸਡ ਗਾਰਡਨ ਵਿੱਚ ਗੁਲਦਾਉਦੀ ਸ਼ੋਅ ਅੱਜ ਤੋਂ ਸ਼ੁਰੂ ਹੋ ਗਿਆ। ਤਿੰਨ ਦਿਨ ਚੱਲਣ ਵਾਲੇ ਇਸ ਗੁਲਦਾਉਦੀ ਸ਼ੋਅ ਦਾ ਉਦਘਾਟਨ ਸੰਸਦ ਮੈਂਬਰ ਕਿਰਨ ਖੇਰ ਨੇ ਕੀਤਾ। ਚੰਡੀਗੜ੍ਹ ਨਗਰ ਨਿਗਮ ਵੱਲੋਂ ਇਸ ਸਾਲ ਦਾ ਇਹ ਗੁਲਦਾਉਦੀ ਸ਼ੋਅ ਪਲਾਸਟਿਕ-ਮੁਕਤ ਤੇ ਸਿਫਰ ਰਹਿੰਦ-ਖੂੰਹਦ ਵਾਲਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਿਗਮ ਵੱਲੋਂ ਇਸ ਨੂੰ ਸ਼ੋਅ ਨੂੰ ਵਧੇਰੇ ਦਿਲਚਸਪ ਤੇ ਦਿਲਖਿੱਚਵਾਂ ਬਣਾਉਣ ਲਈ ਹੋਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਪੇਸ਼ ਕੀਤੀਆਂ ਗਈਆਂ ਹਨ। ਉਦਘਾਟਨ ਤੋਂ ਬਾਅਦ ਮੁੱਖ ਮਹਿਮਾਨ ਕਿਰਨ ਖੇਰ ਨੇ ਇਸ ਸ਼ੋਅ ਦੌਰਾਨ ‘ਸਵੱਛ ਭਾਰਤ ਮਿਸ਼ਨ’ ਸਮੇਤ ਹੋਰ ਸਟਾਲਾਂ ਦਾ ਦੌਰਾ ਕੀਤਾ। ਮੁੱਖ ਮਹਿਮਾਨ ਨੇ ਇਲੈਕਟ੍ਰਿਕ ਰਿਕਸ਼ਾ ਵਿੱਚ ਬੈਠ ਕੇ ਟੈਰੇਸਡ ਗਾਰਡਨ ਦਾ ਦੌਰਾ ਕੀਤਾ ਅਤੇ ਮੇਲੇ ’ਚ ਲੱਗੇ ਵੱਖ-ਵੱਖ ਕਿਸਮਾਂ ਦੇ ਗੁਲਦਾਉਦੀ ਦੇ ਫੁੱਲਾਂ ਨੂੰ ਦੇਖਿਆ। ਉਨ੍ਹਾਂ ਗੁਲਦਾਉਦੀ ਸ਼ੋਅ ਨੂੰ ਸਮਰਪਿਤ ਇੱਕ ਪਰਚਾ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਨਿਗਮ ਨੇ ਇਸ ਵਾਰ ਫੁੱਲਾਂ ਦੇ ਸ਼ੌਕੀਨਾਂ ਲਈ ਹੀ ਨਹੀਂ ਸਗੋਂ ਬੱਚਿਆਂ ਲਈ ਵੀ ‘ਕਿਡਜ਼ ਜ਼ੋਨ’ ਬਣਾ ਕੇ ਮੇਲੇ ਨੂੰ ਚਾਰ ਚੰਨ ਲਗਾ ਦਿੱਤੇ ਹਨ। ਉਨ੍ਹਾਂ ਨਾ ਸਿਰਫ ਇਸ ਸ਼ੋਅ ਨੂੰ ਪਲਾਸਟਿਕ ਤੇ ਰਹਿੰਦ-ਖੂੰਹਦ ਮੁਕਤ ਕਰਨ ਬਲਕਿ ਲੋਕਾਂ ਦੇ ਵਿਆਹਾਂ ਵਿੱਚ ਵੀ ਇਸ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਮੌਕੇ ਨਿਗਮ ਦੇ ਬਾਗਬਾਨੀ ਵਿਭਾਗ ਦੇ ਮਾਲੀਆਂ ਅਤੇ ਹੋਰ ਮਜ਼ਦੂਰਾਂ ਨੂੰ ਮਠਿਆਈਆਂ ਵੀ ਵੰਡੀਆਂ।

ਗਾਰਡਨ ਦਾ ਚੱਕਰ ਲਗਾਉਣ ਤੋਂ ਬਾਅਦ ਮੁੱਖ ਮਹਿਮਾਨ ਸਮੇਤ ਹੋਰਨਾਂ ਨੇ ਇੱਥੇ ਸਥਿਤ ਸ਼ਹੀਦੀ ਯਾਦਗਾਰ ਵਿਖੇ ਫੁੱਲਾਂ ਦੇ ਹਾਰ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਸਾਲ ਗੁਲਦਾਉਦੀ ਦੇ ਫੁੱਲਾਂ ਦੀਆਂ 270 ਤੋਂ ਵੱਧ ਕਿਸਮਾਂ ਮੇਲੇ ’ਚ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਇੱਥੇ ਦਸ ਹਜ਼ਾਰ ਤੋਂ ਵੱਧ ਗਮਲਿਆਂ ਵਿੱਚ ਸਜਾਇਆ ਗਿਆ ਹੈ। ਇੱਥੇ ਫੁੱਲਾਂ ਦੀ ਵਰਤੋਂ ਕਰ ਕੇ ਕਿਸ਼ਤੀ, ਊਠ, ਮੋਰ, ਗਾਂ, ਜਿਰਾਫ, ਸ਼ੇਰ ਸਮੇਤ ਹੋਰ ਕਈ ਜਾਨਵਰਾਂ ਅਤੇ ਪੰਛੀ ਬਣਾਏ ਹਨ। ਇਸ ਵਾਰ ਮੇਲੇ ’ਚ ਬੱਚਿਆਂ ਲਈ ‘ਕਿਡਜ਼ ਜ਼ੋਨ’ ਵੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾਂ ਮੇਲੇ ਦੌਰਾਨ ਮੁੱਖ ਸਟੇਜ ’ਤੇ ਰੋਜ਼ਾਨਾ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਇਸ ਸ਼ੋਅ ਦੌਰਾਨ ਦਰਸ਼ਕਾਂ ਲਈ ਫੂਡ ਕੋਰਟ ਵੀ ਲਗਾਇਆ ਗਿਆ ਹੈ, ਜਿੱਥੇ ਜ਼ੀਰੋ ਵੇਸਟ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਕੂੜਾ ਨਾ ਸੁੱਟਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਵਾਰਡ ਕੌਂਸਲਰ ਅੰਜੂ ਕਤਿਆਲ, ਡਿਪਟੀ ਮੇਅਰ ਅਨੂਪ ਗੁਪਤਾ, ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਜਸਬੀਰ ਸਿੰਘ ਬੰਟੀ, ਗੁਰਪ੍ਰੀਤ ਸਿੰਘ ਗਾਬੀ, ਯੋਗੇਸ਼ ਢੀਂਗਰਾ, ਪ੍ਰੇਮ ਲਤਾ, ਜਸਮਨ ਸਿੰਘ, ਕੰਵਰ ਰਾਣਾ ਆਦਿ ਹਾਜ਼ਰ ਸਨ।

ਕਮਿਸ਼ਨਰ ਦੇ ਰਵੱਈਏ ਤੋਂ ਖ਼ਫ਼ਾ ‘ਆਪ’ ਵੱਲੋਂ ਨਿਗਮ ਦੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਐਲਾਨ

ਗੁਲਦਾਉਦੀ ਸ਼ੋਅ ਦੌਰਾਨ ‘ਆਪ’ ਅਹੁਦੇਦਾਰਾਂ ਵੱਲੋਂ ਕਥਿਤ ਤੌਰ ’ਤੇ ਪ੍ਰੋਟੋਕਾਲ ਦਾ ਉਲੰਘਣ ਕਰ ਕੇ ਪੇਸ਼ ਕੀਤੇ ਗਏ ਇੱਕ ਪ੍ਰੋਗਰਾਮ ’ਤੇ ਨਿਗਮ ਕਮਿਸ਼ਨਰ ਵੱਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਤਲਖੀ ਵਿੱਚ ਆਏ ‘ਆਪ’ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਪ੍ਰੇਮ ਗਰਗ ਨੇ ਨਗਰ ਨਿਗਮ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਪ੍ਰੇਮ ਗਰਗ ਨੇ ਦੇਰ ਸ਼ਾਮ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਉਨ੍ਹਾਂ ਗੁਲਦਾਉਦੀ ਸ਼ੋਅ ਦੇ ਉਦਘਾਟਨੀ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਪਾਰਟੀ ਦੇ ਕੌਂਸਲਰਾਂ ਨਾਲ ਸੜਕ ਸੁਰੱਖਿਆ ਦਾ ਪ੍ਰਣ ਲਿਆ। ਉਹ ਬਿਹਤਰ ਵੀਡੀਓ ਰਿਕਾਰਡਿੰਗ ਲਈ ਕੌਂਸਲਰਾਂ ਸਮੇਤ ਉੱਥੇ ਖਾਲੀ ਪਈ ਸਟੇਜ ’ਤੇ ਚਲੇ ਗਏ ਅਤੇ ਉੱਥੇ ਇਹ ਪ੍ਰਣ ਲਿਆ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ‘ਆਪ’ ਕੌਂਸਲਰਾਂ ਅਤੇ ਪ੍ਰੇਮ ਗਰਗ ਨੂੰ ਤਾੜਨਾ ਕੀਤੀ। ਉਨ੍ਹਾਂ ਪਾਰਟੀ ਪ੍ਰਧਾਨ ਅਤੇ ਕੌਂਸਲਰਾਂ ਨੂੰ ਬਿਨਾਂ ਇਜਾਜ਼ਤ ਤੋਂ ਸਟੇਜ ’ਤੇ ਜਾ ਕੇ ਵੀਡੀਓ ਰਿਕਾਰਡਿੰਗ ਕਰਨ ਬਾਰੇ ਸਵਾਲ ਕੀਤਾ ਤੇ ਕਮਿਸ਼ਨਰ ਦੀ ਇਹ ਗੱਲ ਪ੍ਰੇਮ ਗਰਗ ਅਤੇ ‘ਆਪ’ ਕੌਂਸਲਰਾਂ ਨੂੰ ਚੁਭ ਗਈ ਅਤੇ ਉਨ੍ਹਾਂ ਇਸ ਬਾਰੇ ‘ਆਪ’ ਦੇ ਸਹਿ-ਇੰਚਾਰਜ ਪ੍ਰਦੀਪ ਛਾਬੜਾ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਪ੍ਰਦੀਪ ਛਾਬੜਾ ਨੇ ਕਮਿਸ਼ਨਰ ਦੇ ਇਸ ਵਤੀਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਪਣਾ ਵਿਰੋਧ ਦਰਜ ਕਰਵਾਉਣ ਲਈ ਉਹ ਅਤੇ ਉਨ੍ਹਾਂ ਦੇ ਕੌਂਸਲਰ ਨਗਰ ਨਿਗਮ ਜਾਂ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਕਿਸੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ।

ਮੁਹਾਲੀ ਵਿੱਚ ਗੁਲਾਦਾਉਦੀ ਸ਼ੋਅ ਅੱਜ ਤੋਂ

ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਇੱਥੋਂ ਦੇ ਸੈਕਟਰ-71 ਸਥਿਤ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਭਲਕੇ 10 ਦਸੰਬਰ ਤੋਂ ਸ਼ੁਰੂ ਹੋ ਰਹੇ ਪਹਿਲੇ ਗੁਲਦਾਉਦੀ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਚੰਡੀਗੜ੍ਹ ਨਗਰ ਨਿਗਮ ਵਿੱਚ ਅੱਜ ਸ਼ੁਰੂ ਹੋਏ ਵੱਡੇ ਗੁਲਦਾਉਦੀ ਸ਼ੋਅ ਤੋਂ ਬਾਅਦ ਮੁਹਾਲੀ ਵਿੱਚ ਵੀ ਫੁੱਲਾਂ ਦੀ ਪਹਿਲੀ ਪ੍ਰਦਰਸ਼ਨੀ ਦੀ ਚਰਚਾ ਜ਼ੋਰਾਂ ’ਤੇ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿੱਦਿਆ ਭਾਰਤੀ ਉੱਤਰ ਖੇਤਰ ਦੇ ਖੇਤਰੀ ਵਾਤਾਵਰਨ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ ਨੇ ਦੱਸਿਆ ਕਿ ਸ਼ੋਅ ਦਾ ਉਦਘਾਟਨ ਸੀਬੀਐੱਸਈ ਦੇ ਖੇਤਰੀ ਡਾਇਰੈਕਟਰ ਸ਼ਵੇਤਾ ਅਰੋੜਾ ਕਰਨਗੇ ਜਦੋਂਕਿ ਗੈਸਟ ਆਫ਼ ਆਨਰ ਵਜੋਂ ਬ੍ਰਿਗੇਡੀਅਰ ਆਰ.ਐੱਸ. ਕਾਹਲੋਂ ਅਤੇ ਸਮਾਜ ਸੇਵਿਕਾ ਜਗਜੀਤ ਕੌਰ ਕਾਹਲੋਂ ਬੂਟਾ ਲਗਾਉਣ ਦੀ ਰਸਮ ਅਦਾ ਕਰਨਗੇ। ਇਸ ਦੌਰਾਨ ਡਾ. ਰਾਜੀਵ ਕਪਿਲਾ ਹਰਬਲ ਬੂਟਿਆਂ ਬਾਰੇ ਵਿਚਾਰ ਸਾਂਝੇ ਕਰਨਗੇ। ਸ੍ਰੀ ਮਨੌਲੀ ਨੇ ਦੱਸਿਆ ਕਿ ਗੁਲਦਾਉਦੀ ਦੀਆਂ 72 ਕਿਸਮਾਂ ਦੇ ਫੁੱਲਾਂ ਨੂੰ ਪਿਛਲੇ ਕਰੀਬ ਡੇਢ ਮਹੀਨੇ ਤੋਂ ਲਗਾਤਾਰ ਦੇਖਰੇਖ ਕਰ ਕੇ ਸੰਵਾਰਿਆ ਜਾ ਰਿਹਾ ਹੈ ਤੇ ਇਸ ਸਬੰਧੀ 10 ਵਿਸ਼ੇਸ਼ ਵਿਅਕਤੀਆਂ ਦੀ ਇੱਕ ਟੀਮ ਕੰਮ ਕਰ ਰਹੀ ਹੈ। ਹਰਬਲ ਸੀਡਜ਼ ਹਰਬੇਰੀਅਮ ਵਿੱਚ ਕਰੀਬ 130 ਪ੍ਰਜਾਤੀਆਂ ਦੀਆਂ ਜੜੀਆਂ ਬੂਟੀਆਂ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜੋ ਕਿ ਪ੍ਰੋਗਰਾਮ ਵਿੱਚ ਖਿੱਚ ਦਾ ਕੇਂਦਰ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All