Gulab Chand Kataria: ਐੱਚ ਆਈ ਵੀ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ
ਪੰਜਾਬ ਦੇ ਰਾਜਪਾਲ ਅਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿੱਚ ‘ਇੰਟੈਂਸੀਫਾਈਡ ਆਈ ਈ ਸੀ ਮੁਹਿੰਮ- ਬ੍ਰੇਕ ਫ੍ਰੀ’ ਦੀ ਸ਼ੁਰੂਆਤ ਕੀਤੀ। ਇਹ ਐੱਚ ਆਈ ਵੀ/ਏਡਜ਼ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕੀਤੀ...
ਪੰਜਾਬ ਦੇ ਰਾਜਪਾਲ ਅਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿੱਚ ‘ਇੰਟੈਂਸੀਫਾਈਡ ਆਈ ਈ ਸੀ ਮੁਹਿੰਮ- ਬ੍ਰੇਕ ਫ੍ਰੀ’ ਦੀ ਸ਼ੁਰੂਆਤ ਕੀਤੀ। ਇਹ ਐੱਚ ਆਈ ਵੀ/ਏਡਜ਼ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਡਿਜ਼ੀਟਲ ਜਨ ਜਾਗਰੂਕਤਾ ਮੁਹਿੰਮ ਹੈ। ਇਸ ਮੌਕੇ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ, ਗ੍ਰਹਿ-ਕਮ-ਸਿਹਤ ਸਕੱਤਰ ਮਨਦੀਪ ਸਿੰਘ ਬਰਾੜ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਸੁਮਨ ਸਿੰਘ ਅਤੇ ਚੰਡੀਗੜ੍ਹ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਡਾ. ਸਦਭਾਵਨਾ ਪੰਡਿਤ ਵੀ ਮੌਜੂਦ ਸਨ।
ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਅਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ (ਨਾਕੋ) ਦੀ ਇਹ ਮੁਹਿੰਮ ਕੌਮਾਂਤਰੀ ਯੁਵਾ ਦਿਵਸ ਮੌਕੇ ਸ਼ੁਰੂ ਕੀਤੀ ਗਈ। ‘ਵਨ ਸਕੈਨ, ਵਨ ਸਟੈਪ ਟੁਵਾਰਡਜ਼ ਬ੍ਰੇਕ ਫ੍ਰੀ’ ਪਹਿਲਕਦਮੀ ਤਹਿਤ, ਵਿਅਕਤੀ ਇੱਕ ਕਿਯੂ-ਆਰ ਕੋਡ ਰਾਹੀਂ ਗੁਪਤ ਐੱਚ ਆਈ ਵੀ ਸਵੈ-ਜ਼ੋਖ਼ਮ ਮੁਲਾਂਕਣ ਕਰ ਸਕਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਸੰਭਾਵੀ ਜ਼ੋਖ਼ਮ ਸਮਝਣ, ਐੱਚ ਆਈ ਵੀ ਬਾਰੇ ਪ੍ਰਮਾਣਿਕ ਜਾਣਕਾਰੀ ਤੱਕ ਪਹੁੰਚ ਕਰਨ ਅਤੇ ਲੋੜ ਪੈਣ ’ਤੇ ਟੈਸਟਿੰਗ, ਕਾਉਂਸਲਿੰਗ ਅਤੇ ਸਿਹਤ ਸੇਵਾਵਾਂ ਨਾਲ ਜੁੜਨ ਵਿੱਚ ਮਦਦ ਕਰੇਗਾ।
ਰਾਜਪਾਲ ਨੇ ਕਿਹਾ ਕਿ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਸਹੀ ਅਤੇ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਨਾ, ਸਮੇਂ ਸਿਰ ਟੈਸਟਿੰਗ ਨੂੰ ਉਤਸ਼ਾਹਿਤ ਕਰਨਾ ਅਤੇ ਜ਼ਰੂਰੀ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਉਣਾ ਹੈ। ਇਹ ਮੁਹਿੰਮ ਇੱਕੋ ਸਮੇਂ ਕਈ ਥਾਵਾਂ ’ਤੇ ਸ਼ੁਰੂ ਕੀਤੀ ਗਈ।

