Guava Orchard Scam: ਅਮਰੂਦ ਬਾਗ਼ ਘਪਲੇ ਨਾਲ ਜੁੜੀ ਜ਼ਮੀਨ ’ਤੇ ਚੱਲੀ ਜੇ ਸੀ ਬੀ
ਏਅਰਪੋਰਟ ਰੋਡ ’ਤੇ ਸਥਿਤ ਏਅਰੋਟ੍ਰੋਪੋਲਿਸ ਸਿਟੀ ਪ੍ਰਾਜੈਕਟ ਵਿੱਚ ਕਰੋੜਾਂ ਰੁਪਏ ਦੇ ਚਰਚਿਤ ਅਮਰੂਦ ਬਾਗ਼ ਘਪਲੇ ਨਾਲ ਜੁੜੀ ਵਿਵਾਦਤ ਜ਼ਮੀਨ ’ਤੇ ਸੋਮਵਾਰ ਨੂੰ ਜੇ ਸੀ ਬੀ ਚੱਲਣ ਦਾ ਮਾਮਲਾ ਭਖ਼ ਗਿਆ ਹੈ। ਅੱਜ ਸ਼ਾਮ ਪਿੰਡ ਸਿਆਊ ਦੀ ਵਿਵਾਦਤ ਜ਼ਮੀਨ ’ਤੇ ਜੇ...
ਏਅਰਪੋਰਟ ਰੋਡ ’ਤੇ ਸਥਿਤ ਏਅਰੋਟ੍ਰੋਪੋਲਿਸ ਸਿਟੀ ਪ੍ਰਾਜੈਕਟ ਵਿੱਚ ਕਰੋੜਾਂ ਰੁਪਏ ਦੇ ਚਰਚਿਤ ਅਮਰੂਦ ਬਾਗ਼ ਘਪਲੇ ਨਾਲ ਜੁੜੀ ਵਿਵਾਦਤ ਜ਼ਮੀਨ ’ਤੇ ਸੋਮਵਾਰ ਨੂੰ ਜੇ ਸੀ ਬੀ ਚੱਲਣ ਦਾ ਮਾਮਲਾ ਭਖ਼ ਗਿਆ ਹੈ। ਅੱਜ ਸ਼ਾਮ ਪਿੰਡ ਸਿਆਊ ਦੀ ਵਿਵਾਦਤ ਜ਼ਮੀਨ ’ਤੇ ਜੇ ਸੀ ਬੀ ਨਾਲ ਖ਼ੁਦਾਈ ਸ਼ੁਰੂ ਕੀਤੀ ਗਈ ਤਾਂ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਵਿਰੋਧ ਕੀਤਾ ਅਤੇ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲੀਸ ਮੌਕੇ ’ਤੇ ਪਹੁੰਚੀ ਅਤੇ ਨਿਰਮਾਣ ਕੰਮ ਨਾਲ ਜੁੜੇ ਕਰਮਚਾਰੀਆਂ ਨੂੰ ਥਾਣੇ ਲੈ ਗਈ।
ਇਹ ਜ਼ਮੀਨ ਉਸ ਚਰਚਿਤ ਅਮਰੂਦ ਬਾਗ਼ ਘਪਲੇ ਨਾਲ ਜੁੜੀ ਹੋਈ ਹੈ, ਜਿਸ ਵਿੱਚ ਦੋਸ਼ ਲੱਗੇ ਸਨ ਕਿ ਏਅਰੋਟ੍ਰੋਪੋਲਿਸ ਸਿਟੀ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਤੋਂ ਪਹਿਲਾਂ ਕੁਝ ਅਧਿਕਾਰੀਆਂ ਅਤੇ ਜ਼ਮੀਨ ਮਾਲਕਾਂ ਦੀ ਮਿਲੀਭੁਗਤ ਨਾਲ ਖਾਲੀ ਜ਼ਮੀਨ ’ਤੇ ਛੋਟੇ-ਛੋਟੇ ਅਮਰੂਦ ਦੇ ਪੌਦੇ ਲਗਾ ਕੇ ਉਸ ਨੂੰ ਫ਼ਲਦਾਰ ਬਾਗ਼ ਦਿਖਾਇਆ ਅਤੇ ਇਸ ਦੇ ਆਧਾਰ ’ਤੇ ਕਰੋੜਾਂ ਰੁਪਏ ਦਾ ਵਾਧੂ ਮੁਆਵਜ਼ਾ ਹਾਸਲ ਕੀਤਾ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਕਈ ਗਮਾਡਾ ਅਧਿਕਾਰੀਆਂ ਅਤੇ ਆਈ ਏ ਐੱਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਇਸ ਸਮੇਂ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਆਈ ਟੀ ਸਿਟੀ ਦੇ ਵਸਨੀਕ ਭੂਪਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜਿਵੇਂ ਹੀ ਵਿਵਾਦਤ ਜ਼ਮੀਨ ’ਤੇ ਖ਼ੁਦਾਈ ਦੀ ਜਾਣਕਾਰੀ ਮਿਲੀ, ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਕੰਮ ਰੁਕਵਾ ਦਿੱਤਾ। ਉਨ੍ਹਾਂ ਕਿਹਾ ਕਿ ਕੇਸ ਪ੍ਰਾਪਰਟੀ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਹੋਣੀ ਚਾਹੀਦੀ।
ਮਾਮਲੇ ਦੀ ਜਾਂਚ ਕਰਵਾਈ ਜਾਵੇਗੀ: ਗਰਗ
ਗਮਾਡਾ ਦੇ ਮੁੱਖ ਇੰਜੀਨੀਅਰ ਅਜੈ ਗਰਗ ਨੇ ਕਿਹਾ ਕਿ ਨਿਰਮਾਣ ਏਜੰਸੀ ਨੂੰ ਇਹ ਦੱਸਣਾ ਸਬੰਧਤ ਐਕਸੀਅਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕਿਸ ਜ਼ਮੀਨ ‘ਤੇ ਕੰਮ ਕਰਨਾ ਹੈ ਅਤੇ ਕਿਹੜਾ ਹਿੱਸਾ ਕੇਸ ਪ੍ਰਾਪਰਟੀ ਹੋਣ ਕਾਰਨ ਪਾਬੰਦੀਸ਼ੁਦਾ ਹੈ। ਉਨ੍ਹਾਂ ਕਿਹਾ ਕਿ ਜੇ ਠੇਕੇਦਾਰ ਦੀ ਮਸ਼ੀਨ ਵਿਵਾਦਤ ਜ਼ਮੀਨ ਤੱਕ ਪਹੁੰਚੀ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

