ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਪੀਜੀ ਰੱਖਣ ਨੂੰ ਹਰੀ ਝੰਡੀ

ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਪੀਜੀ ਰੱਖਣ ਨੂੰ ਹਰੀ ਝੰਡੀ

ਖੇਤਰੀ ਪ੍ਰਤੀਨਿਧ 
ਚੰਡੀਗੜ੍ਹ, 6 ਅਗਸਤ 

ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸ਼ਹਿਰ ਵਿੱਚ ਆਪਣੇ ਇੰਡੀਪੈਡੈਂਟ ਸ਼੍ਰੇਣੀ ਦੇ ਫਲੈਟਾਂ ਵਿੱਚ ਪੇਇੰਗ ਗੈਸਟ (ਪੀਜੀ) ਰੱਖਣ ਦੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਊਸਿੰਗ ਬੋਰਡ ਦੇ ਬੋਰਡ ਆਫ ਡਾਇਰੈਕਟਰ ਦੀ ਅੱਜ ਹੋਈ ਮੀਟਿੰਗ ਵਿੱਚ ਇਸ ਬਾਰੇ ਫੈਸਲਾ ਕੀਤਾ ਗਿਆ ਅਤੇ ਇਸ ਯੋਜਨਾ ਨੂੰ ਅੰਤਿਮ ਮਨਜ਼ੂਰੀ ਲਈ ਪ੍ਸ਼ਾਸਨ ਕੋਲ ਭੇਜਿਆ ਜਾਵੇਗਾ।  ਮੀਟਿੰਗ ਦੌਰਾਨ ਬੋਰਡ ਵਲੋਂ ਸੈਲਫ ਫਾਇਨਾਂਸ ਸਕੀਮ ਅਧੀਨ ਸੈਕਟਰ 53 ਵਿੱਚ ਉਸਾਰੇ ਜਾਣ ਵਾਲੇ ਫਲੈਟਾਂ ਦਾ ਫਲੋਰ ਏਰੀਆ ਵਧਾਉਣ ਦਾ ਮਾਮਲਾ ਮੁੜ ਤੋਂ ਯੂਟੀ ਪ੍ਰਸ਼ਾਸਨ ਕੋਲ ਵਿਚਾਰਨ ਦਾ ਫੈਸਲਾ ਕੀਤਾ ਗਿਆ। ਬੋਰਡ ਮੈਂਬਰਾਂ ਨੇ ਦਲੀਲ ਦਿੱਤੀ ਕਿ ਫਲੋਰ ਏਰੀਆ ਵਧਾਉਣ ਨਾਲ ਬੋਰਡ ਵਲੋਂ ਬਿਹਤਰ ਸੁਵਿਧਾਵਾਂ ਅਤੇ ਵਿਸ਼ੇਸ਼ਤਾਵਾਂ ਵਾਲੇ ਵਧੇਰੇ ਫਲੈਟ ਉਸਾਰੇ ਜਾ ਸਕਣਗੇ। ਪ੍ਰਸ਼ਾਸਨ ਨਾਲ ਇਸ ਬਾਰੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹਾਊਸਿੰਗ ਬੋਰਡ ਵਲੋਂ ਇਨ੍ਹਾਂ ਫਲੈਟਾਂ ਲਈ         ਸੋਧੀ ਹੋਈ ਯੋਜਨਾ ਦਾ ਖਰੜਾ      ਤਿਆਰ ਕਰਕੇ ਬੋਰਡ ਮੀਟਿੰਗ ਵਿੱਚ   ਪੇਸ਼ ਕੀਤਾ ਜਾਵੇਗਾ। 

ਇਸ ਤੋਂ ਇਲਾਵਾ ਮੀਟਿੰਗ ਦੌਰਾਨ ਹਾਊਸਿੰਗ ਬੋਰਡ ਦੇ ਇੰਡੀਪੈਡੈਂਟ ਫਲੈਟਾਂ ਲਈ ਯੂਟੀ ਪ੍ਰਸ਼ਾਸਨ ਦੇ ਚੀਫ ਆਰਕੀਟੈਕਟ ਤੋਂ ਸਟੈਂਡਰਡ ਡਰਾਇੰਗਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਮਨਜ਼ੂਰਸ਼ੁਦਾ ਸਟੈਂਡਰਡ ਡਰਾਇੰਗਾਂ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰਨ ਦਾ ਫੈਸਲਾ ਕੀਤਾ ਗਿਆ। ਬੋਰਡ ਵਲੋਂ ਮਨਜ਼ੂਰਸ਼ੁਦਾ ਡਰਾਇੰਗਾਂ ਅਨੁਸਾਰ ਇਨ੍ਹਾਂ ਮਕਾਨਾਂ ਦੇ ਮੁੜ ਤੋਂ ਉਸਾਰੀ ਕਰਨ ਦੇ ਮਾਮਲੇ ਵਿੱਚ  ਕਿਸੇ ਵੀ ਪ੍ਰਵਾਨਗੀ ਦੀ ਲੋੜ ਨਹੀਂ ਹੋਵੇਗੀ। ਇਨ੍ਹਾਂ ਮਨਜ਼ੂਰਸ਼ੁਦਾ ਸਟੈਂਡਰਡ ਡਰਾਇੰਗਾਂ ਨੂੰ ਲੈ ਕੇ ਉਸਾਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨੂੰ ਲੈ ਕੇ ਤਿਆਰ ਕੀਤੀ ਡਰਾਇੰਗ ਨੂੰ ਹਾਊਸਿੰਗ ਬੋਰਡ ਤੋਂ ਆਨਲਾਈਨ ਬਿਲਡਿੰਗ ਪਲਾਨ ਪ੍ਰਵਾਨਗੀ (ਓਐਲਬੀਏਐਸ)  ਪ੍ਰਣਾਲੀ ਦੁਆਰਾ ਪ੍ਰਵਾਨਗੀ ਦੀ ਜ਼ਰੂਰਤ ਹੋਵੇਗੀ। ਹਾਊਸਿੰਗ ਬੋਰਡ ਦੇ ਅਲਾਟੀਆਂ ਨੂੰ ਕੁਝ ਰਾਹਤ ਦਿੰਦੇ ਹੋਏ  ਰਜਿਸਟਰਡ ਸੇਲ ਡੀਡ ਤਹਿਤ ਟਰਾਂਸਫਰ ਕੀਤੀ ਜਾਣ ਵਾਲੀਆਂ ਫਰੀ ਹੋਲਡ ਰਿਹਾਇਸ਼ੀ ਯੂਨਿਟਾਂ ਦੇ ਮਾਮਲੇ ਵਿੱਚ 15 ਫ਼ੀਸਦੀ ਟਰਾਂਸਫਰ ਫੀਸ ਨਾ ਵਸੂਲਣ ਦਾ ਫੈਸਲਾ ਕੀਤਾ ਗਿਆ।  ਮੀਟਿੰਗ ਦੌਰਾਨ ਬੋਰਡ ਮੈਂਬਰਾਂ ਨੇ ਹਾਊਸਿੰਗ ਬੋਰਡ ਵਲੋਂ ਅਲਾਟੀਆਂ ਦੇ ਕੰਮ ਵਿੱਚ ਪਾਰਦਰਸ਼ਤਾ ਅਤੇ ਗਤੀ ਦੇਣ ਲਈ ਹਾਊਸਿੰਗ ਬੋਰਡ ਪ੍ਸ਼ਾਸਨ ਵਲੋਂ ਫਾਈਲਾਂ ਦਾ ਆਨਲਾਈਨ ਪ੍ਰਣਾਲੀ ਰਾਹੀਂ ਨਿਪਟਾਰਾ ਕਰਨ ਦੇ ਉਪਰਾਲੇ ਦੀ ਸਲਾਘਾ ਕੀਤੀ ਗਈ।  

 

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All