ਸਰਕਾਰ ਦਾ ਉਦੇਸ਼ ਪੰਚਕੂਲਾ ਨੂੰ ਸਮਾਰਟ ਸਿਟੀ ਬਣਾਉਣਾ: ਸੈਣੀ
ਪੀਪੀ ਵਰਮਾ
ਪੰਚਕੂਲਾ, 19 ਅਪਰੈਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ 55 ਕਰੋੜ 38 ਲੱਖ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ਵਿੱਚ ਘੱਗਰ ਨਦੀ ’ਤੇ 50 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਪੁਲ ਦਾ ਉਦਘਾਟਨ, ਸੈਕਟਰ 28 ਅਤੇ 31 ਵਿੱਚ ਲਗਪਗ 4 ਕਰੋੜ 64 ਲੱਖ 59 ਹਜ਼ਾਰ ਰੁਪਏ ਦੀ ਲਾਗਤ ਨਾਲ ਦੋ ਡਿਸਪੈਂਸਰੀ ਦੀਆਂ ਇਮਾਰਤਾਂ ਦੇ ਨੀਂਹ ਪੱਥਰ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਪੰਚਕੂਲਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਬਰਵਾਲਾ ਦੇ ਪਿੰਡ ਕਨੌਲੀ ਵਿੱਚ 74 ਲੱਖ 38 ਹਜ਼ਾਰ ਰੁਪਏ ਦੀ ਲਾਗਤ ਨਾਲ ਸਕੱਤਰੇਤ ਬਣਾਉਣ ਦਾ ਐਲਾਨ ਕੀਤਾ। ਸ੍ਰੀ ਸੈਣੀ ਨੇ ਕਿਹਾ ਕਿ ਅੱਜ ਰੱਖੇ ਗਏ ਉਦਘਾਟਨ ਅਤੇ ਨੀਂਹ ਪੱਥਰ ਪੰਚਕੂਲਾ ਨੂੰ ਸਮਾਰਟ ਸਿਟੀ ਦੇ ਨਾਲ-ਨਾਲ ਵਧੀਆ, ਸਾਫ਼-ਸੁਥਰਾ ਅਤੇ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਘੱਗਰ ਨਦੀ ’ਤੇ ਪੁਲ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਵੱਲੋਂ 50 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਪੁਲ 360 ਮੀਟਰ ਲੰਬਾ ਅਤੇ 16 ਮੀਟਰ ਚੌੜਾ ਹੈ। ਹੁਣ ਇਸ ਪੁਲ ਰਾਹੀਂ ਜ਼ੀਰਕਪੁਰ ਦੇ ਪੀਰ ਮੁਛੱਲਾ, ਰਾਜਪੁਰਾ, ਪਟਿਆਲਾ ਅਤੇ ਮੁਹਾਲੀ ਹਵਾਈ ਅੱਡਿਆਂ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਇਹ ਪੁਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੂੰ ਜੋੜਨ ਵਾਲੇ ਪੀਆਰ-7 ਰਿੰਗ ਰੋਡ ਦਾ ਹਿੱਸਾ ਹੈ। ਜਦੋਂ ਇਹ ਰਿੰਗ ਰੋਡ ਬਣ ਜਾਵੇਗਾ, ਤਾਂ ਨਾ ਸਿਰਫ਼ ਪੰਚਕੂਲਾ ਸਗੋਂ ਚੰਡੀਗੜ੍ਹ ਨੂੰ ਵੀ ਰਾਹਤ ਮਿਲੇਗੀ।