ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 20 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲੋਕਾਂ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਇੱਥੇ ਅੱਜ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਜੱਲ੍ਹਾ,ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਅਤੇ ਸਰਪੰਚ ਜਸਵਿੰਦਰ ਸਿੰਘ ਜੱਸੂ ਨੇ ਪਿੰਡ ਭਮਾਰਸੀ ਦੀ ਦਾਣਾ ਮੰਡੀ ਤੋਂ ਟਰੈਕਟਰਾਂ ਦੇ ਕਾਫ਼ਲੇ ਸਮੇਤ ਦਿੱਲੀ ਲਈ ਰਵਾਨਾ ਹੋਏ। ਟਰੈਕਟਰਾਂ ਦੇ ਕਾਫਲੇ ਵਿੱਚ ਸ਼ਾਮਲ ਕਿਸਾਨਾਂ ਵੱਲੋਂ ਪਿੰਡ ਭਮਾਰਸੀ ਦੀ ਦਾਣਾ ਮੰਡੀ ਤੋਂ ਟਰੈਕਟਰ ਮਾਰਚ ਸ਼ੁਰੂ ਕਰਕੇ ਫਤਹਿਗੜ੍ਹ ਸਾਹਿਬ ਤੱਕ ਲਿਜਾਇਆ ਗਿਆ ਜਿੱਥੇ ਇਤਿਹਾਸਿਕ ਗੁਰੂਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋਣ ਉਪਰੰਤ ਕਾਫਲਾ ਦਿੱਲੀ ਲਈ ਰਵਾਨਾ ਹੋਇਆ।
ਕਿਸਾਨੀ ਝੰਡੇ ਅਤੇ ਪੱਟੀਆਂ ਮੁਹੱਈਆ ਕਰਵਾਈਆਂ
ਰੂਪਨਗਰ (ਬਹਾਦਰਜੀਤ ਸਿੰਘ): ਖੇਡ ਪਰਮੋਟਰ ਤੇ ਸਮਾਜ ਸੇਵੀ ਨਰਿੰਦਰ ਸਿੰਘ ਕੰਗ ਵੱਲੋਂ ਕਿਸਾਨੀ ਸੰਘਰਸ ਵਿੱਚ ਸ਼ਾਮਲ ਆਗੂਆਂ ਅਤੇ ਕਿਸਾਨਾਂ ਨੂੰ ਕਿਸਾਨੀ ਝੰਡੇ ਅਤੇ ਪੱਟੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਸਿੰਘੂ ,ਕੁੰਡਲੀ ,ਗਾਜੀਪੁਰ ਬਾਰਡਰਾਂ ’ਤੇ ਇਹ ਪੱਟੀਆਂ ਬੰਨ੍ਹ ਚੱਕੇ ਹਨ ਹੁਣ ਟਿਕਰੀ ਅਤੇ ਦੂਜੇ ਬਾਰਡਰਾਂ ’ਤੇ ਵੀ ਜਲਦੀ ਇੱਹ ਸੇਵਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੇ 22 ਜਨਵਰੀ ਸੋਲਖੀਆਂ ਟੌਲ ਪਲਾਜ਼ੇ ’ਤੇ , 23 ਜਨਵਰੀ ਮੋਰਿੰਡਾ ਅਤੇ 24 ਜਨਵਰੀ ਨੱਕੀਆਂ ਟੌਲ ਪਲਾਜ਼ੇ ਤੋਂ ਰਵਾਨਾ ਹੋਣ ਵਾਲੇ ਕਾਫਲਿਆਂ ਦੀ ਇਹ ਸੇਵਾ ਕੀਤੀ ਜਾਵੇਗੀ।
ਸੀਪੀਆਈ ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਚੰਡੀਗੜ੍ਹ (ਪੱਤਰ ਪ੍ਰੇਰਕ): ਜ਼ਿਲ੍ਹਾ ਕੌਂਸਲ ਚੰਡੀਗੜ੍ਹ (ਸੀਪੀਆਈ) ਦੀ ਬੈਠਕ ਬੁੱਧੀ ਰਾਮ, ਐੱਸਐੱਸ ਕਾਲੀਰਮਨਾ, ਸੁਰਜੀਤ ਕੌਰ ਕਾਲੜਾ ਅਤੇ ਬਲਕਾਰ ਸਿੱਧੂ ਦੀ ਸਾਂਝੀ ਪ੍ਰਧਾਨਗੀ ਵਿਚ ਹੋਈ। ਕੌਂਸਲ ਸਕੱਤਰ ਰਾਜ ਕੁਮਾਰ ਨੇ ਕੌਂਸਲ ਦੀ ਕਾਰਵਾਈ ਚਲਾਉਂਦਿਆਂ ਸਭ ਤੋਂ ਪਹਿਲਾਂ ਪਿਛਲੇ ਸਮੇਂ ਵਿਚ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਬੀਬੀ ਬਿਮਲਾ ਦੇਵੀ (ਡੱਡੂਮਾਜਰਾ), ਮਨਜੀਤ ਕੌਰ ਮੀਤ ਦੇ ਪਤੀ ਗੁਰਦੇਵ ਸਿੰਘ ਵਕੀਲ (ਸਾਬਕਾ ਫੌਜੀ), ਕਰੋਨਾ ਮਹਾਂਮਾਰੀ ਦੌਰਾਨ ਮਹਾਂਨਗਰੀਆਂ ਅਤੇ ਦੂਰ-ਦੁਰਾਡੇ ਤੋਂ ਆਪਣੇ ਘਰਾਂ/ ਪਿੰਡਾਂ ਨੂੰ ਜਾਂਦੇ ਸਮੇਂ ਮਾਰੇ ਗਏ ਦੇਸ਼ਵਾਸੀਆਂ, ਕਰੋਨਾ ਕਾਰਨ ਮਾਰੇ ਗਏ ਦੇਸ਼ ਵਾਸੀਆਂ ਅਤੇ ਮੌਜੂਦਾ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਤਕਰੀਬਨ ਇਕ ਸੌ ਦੇ ਨੇੜੇ ਸੰਘਰਸ਼ ਕਰਦੇ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸਾਰੇ ਕੌਂਸਲ ਮੈਂਬਰਾਂ ਨੂੰ ਵਧ-ਚੜ੍ਹ ਕੇ ਕਿਸਾਨ ਅੰਦੋਲਨ ਦੌਰਾਨ ਚੰਡੀਗੜ੍ਹ ਇਲਾਕੇ ਵਿਚ ਸ਼ੰਭੂ ਬਾਰਡਰ ਅਤੇ ਦਿੱਲੀ ਵਿੱਚ ਟਿਕਰੀ ਅਤੇ ਸਿੰਘੂ ਬਾਰਡਰ ਉਤੇ ਸ਼ਮੂਲੀਅਤ ਕਰਕੇ ਆਪਣਾ ਬਣਦਾ ਯੋਗਦਾਨ ਪਾਉਣ ਲਈ ਮੁਬਾਰਕਬਾਦ ਪੇਸ਼ ਕੀਤੀ ਅਤੇ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਲੋਕਾਂ ਅਤੇ ਕਿਸਾਨ ਵਿਰੋਧੀ ਪਾਸ ਹੋਏ ਕਾਲੇ ਕਾਨੂੰਨਾਂ ਖ਼ਿਲਾਫ਼ ਹੈ, ਜਿਨ੍ਹਾਂ ਦਾ ਅਸਰ ਸਾਰੇ ਦੇਸ਼ ਵਾਸੀਆਂ ਉਤੇ ਪੈ ਰਿਹਾ ਹੈ, ਜੋ ਭਵਿੱਖ ਵਿੱਚ ਹੋਰ ਪ੍ਰਚੰਡ ਹੋ ਕੇ ਪਵੇਗਾ। ਜ਼ਿਲ੍ਹਾ ਕੌਂਸਲ ਦੇ ਕਾਰਜਕਾਰਨੀ ਮੈਂਬਰ ਕਰਮ ਸਿੰਘ ਵਕੀਲ ਨੇ ਕੌਂਸਲ ਵੱਲੋਂ ਤਿੰਨ ਮਤੇ ਪੇਸ਼ ਕੀਤੇ ਜਿਨ੍ਹਾਂ ਤਹਿਤ ਤਿੰਨੇ ਖੇਤੀ ਕਾਨੂੰਨ ਫੌਰੀ ਵਾਪਸ ਕਰਵਾਉਣ, ਨਵੇਂ ਬਣਾਏ ਕਿਰਤ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਰੱਖੀ ਗਈ। ਇਸ ਦੇ ਨਾਲ ਹੀ ਮੰਗ ਰੱਖੀ ਗਈ ਕਿ ਭਾਰਤ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਫੌਰੀ ਤੌਰ ਉਤੇ ਵਧ ਰਹੀ ਮਹਿੰਗਾਈ, ਪਾਣੀ ਅਤੇ ਬਿਜਲੀ ਦੇ ਵਧੇ ਰੇਟਾਂ ਉਤੇ, ਅਰਾਜਕਤਾ, ਬਦਅਮਨੀ ਅਤੇ ਔਰਤਾਂ ਤੇ ਬੱਚਿਆਂ ਖ਼ਿਲਾਫ਼ ਵੱਧ ਰਹੀਆਂ ਗੈਰ ਮਨੁੱਖੀ ਘਟਨਾਵਾਂ ਉਤੇ ਫੌਰੀ ਤੌਰ ਉਤੇ ਕਾਬੂ ਪਾਵੇ। ਸਾਬਕਾ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਮੌਜੂਦਾ ਸਕੱਤਰ ਰਾਜ ਕੁਮਾਰ ਵੱਲੋਂ ਪੇਸ਼ ਕੀਤੀ ਪਿਛਲੇ ਕੰਮਾਂ ਦੀ ਰਿਪੋਰਟ ਉਤੇ ਸੰਤੁਸ਼ਟੀ ਜਤਾਉਦੇ ਹੋਏ ਸ਼ਲਾਘਾ ਕੀਤੀ।
ਪੰਚਕੂਲਾ ਵਿੱਚ ਅੱਜ ਕੱਢੀ ਜਾਵੇਗੀ ਟਰੈਕਟਰ ਰੈਲੀ
ਪੰਚਕੂਲਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਵੱਲੋਂ 21 ਜਨਵਰੀ ਨੂੰ ਚੰਡੀਮੰਦਰ ਟੌਲ ਪਲਾਜ਼ਾ ਤੋਂ ਪੰਚਕੂਲਾ ਤੱਕ ਟਰੈਕਟਰ ਰੈਲੀ ਕੱਢੀ ਜਾਵੇਗੀ। ਸਾਰੇ ਪੰਚਕੂਲਾ ਵਿੱਚ ਟਰੈਕਟਰ ਘਮਾਉਣ ਤੋਂ ਬਾਅਦ ਰੈਲੀ ਨੂੰ ਕਿਸਾਨ ਟੌਲ ਪਲਾਜ਼ਾ ਚੰਡੀਮੰਦਰ ਲੇ ਕੇ ਜਾਣਗੇ। ਇਹ ਜਾਣਕਾਰੀ ਬਲਾਕ ਪ੍ਰਧਾਨ ਕਰਮ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਟਰੈਕਟਰ ਰੈਲੀ ਪਿੰਜੌਰ ਕਾਲਕਾ ਦੇ ਪਿੰਡਾਂ ਵਿੱਚ ਵੀ ਜਾਵੇਗੀ। ਚੰਡੀਮੰਦਰ ਅਤੇ ਬਰਵਾਲਾ ਟੋਲ ਪਲਾਜਾ ਤੇ ਕਿਸਾਨਾਂ ਦਾ ਧਰਨਾ ਹੋਰ ਤੇਜ਼ ਹੋ ਗਿਆ ਹੈ। ਕਿਸਾਨ ਨੂੰ ਪੰਜਾਬੀ ਗਾਇਕਾਂ ਦਾ ਵੀ ਸਾਥ ਮਿਲ ਰਿਹਾ ਹੈ। ਨਗਰ ਨਿਗਮ ਦੀ ਸਾਬਕਾ ਪ੍ਰਧਾਨ ਸੀਮਾ ਚੌਧਰੀ ਨੇ ਵੀ ਕਿਸਾਨ ਧਰਨੇ ਨੂੰ ਚੰਡੀਮੰਦਰ ਟੌਲ ਪਲਾਜ਼ਾ ’ਤੇ ਸੰਬੋਧਨ ਕੀਤਾ।