ਲੋਕਾਂ ਨੂੰ ਠੱਗਣ ਵਾਲੇ ਬਿਲਡਰਾਂ ਖ਼ਿਲਾਫ਼ ਕਾਰਵਾਈ ਕਰੇ ਗਮਾਡਾ: ਤਿਵਾੜੀ

ਲੋਕਾਂ ਨੂੰ ਠੱਗਣ ਵਾਲੇ ਬਿਲਡਰਾਂ ਖ਼ਿਲਾਫ਼ ਕਾਰਵਾਈ ਕਰੇ ਗਮਾਡਾ: ਤਿਵਾੜੀ

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 29 ਅਕਤੂਬਰ                                          

ਆਈਟੀ ਸਿਟੀ ਮੁਹਾਲੀ ਅਤੇ ਆਸਪਾਸ ਇਲਾਕੇ ਵਿੱਚ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਬਿਲਡਰਾਂ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਵਕਾਲਤ ਕਰਦਿਆਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਜ਼ਿੰਮੇਵਾਰ ਬਿਲਡਰਾਂ/ਡਿਵੈਲਪਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਹਨ। ਬਿਲਡਰਾਂ ਖ਼ਿਲਾਫ਼ ਮਿਲ ਰਹੀਆਂ ਸ਼ਿਕਾਇਤਾਂ ਸਬੰਧੀ ਉਨ੍ਹਾਂ ਨੇ ਪੁੱਡਾ ਭਵਨ ਵਿੱਚ ਗਮਾਡਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪਲਾਟਾਂ ਅਤੇ ਫਲੈਟਾਂ ਦਾ ਕਬਜ਼ਾ ਦੇਣ ਵਿੱਚ ਜਾਣਬੁੱਝ ਕੇ ਦੇਰੀ ਅਤੇ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਰੀਅਲ ਅਸਟੇਟ ਗਾਹਕਾਂ ਨੂੰ ਨਾ ਸਿਰਫ਼ ਮਾਨਸਿਕ ਅਤੇ ਵਿੱਤੀ ਤੌਰ ’ਤੇ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ, ਸਗੋਂ ਉਨ੍ਹਾਂ ਦੇ ‘ਜੀਵਨ ਅਤੇ ਰੋਜ਼ੀ-ਰੋਟੀ ਦੇ ਅਧਿਕਾਰ’ ਦੀ ਉਲੰਘਣਾ ਵੀ ਹੁੰਦੀ ਹੈ। ਉਨ੍ਹਾਂ ਧੋਖੇਬਾਜ਼ ਬਿਲਡਰਾਂ/ਕਲੋਨਾਈਜਰਾਂ ਖ਼ਿਲਾਫ਼ ਭਾਰੀ ਜੁਰਮਾਨੇ, ਲਾਇਸੈਂਸ ਰੱਦ ਕਰਨ ਅਤੇ ਅਪਰਾਧਿਕ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਹੈ।

ਸ੍ਰੀ ਤਿਵਾੜੀ ਨੇ ਅਧਿਕਾਰੀਆਂ ਨੂੰ ਇੱਕ ਅਜਿਹਾ ‘ਮਾਡਲ ਬਿਲਡਰ ਬਾਇਅਰ ਐਗਰੀਮੈਂਟ’ ਲਿਆਉਣ ਲਈ ਸੁਝਾਅ ਦਿੱਤਾ, ਜਿਸ ਵਿੱਚ ਜੁਰਮਾਨੇ ਦੀ ਧਾਰਾ ਨੂੰ ਉਚਿੱਤ ਢੰਗ ਨਾਲ ਸ਼ਾਮਲ ਕੀਤਾ ਜਾਵੇ। ਇਸ ਮੌਕੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਰਮਿੰਦਰਪਾਲ ਸਿੰਘ ਪਾਲੀ ਅਤੇ ਪੰਜਾਬ ਵਿਸ਼ਾਲ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All