ਗਮਾਡਾ ਨੇ ਮੁਹਾਲੀ ਵਿੱਚ ਪਲਾਟਾਂ ਦੀਆਂ ਮੁੱਢਲੀਆਂ ਦਰਾਂ ਵਧਾਈਆਂ
ਗਮਾਡਾ (GMADA) ਨੇ 2025-26 ਲਈ ਮੁਹਾਲੀ ਜ਼ਿਲ੍ਹੇ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਪਲਾਟਾਂ ਦੀਆਂ ਮੁੱਢਲੀਆਂ ਦਰਾਂ (base rates) ਵਿੱਚ ਲਗਪਗ 10 ਫੀਸਦੀ ਦਾ ਵਾਧਾ ਕੀਤਾ ਹੈ। ਸੈਕਟਰ 53 ਤੋਂ 71ਵਿੱਚ ਪਲਾਟਾਂ ਦੀ ਦਰ 65,000 ਰੁਪਏ ਤੋਂ ਵਧਾ ਕੇ 71,500 ਰੁਪਏ ਪ੍ਰਤੀ ਵਰਗ ਗਜ਼ ਕਰ ਦਿੱਤੀ ਗਈ ਹੈ। ਸੈਕਟਰ 62 ਲਈ ਵੀ ਇਹੀ ਦਰ 71,500 ਰੁਪਏ ਨਿਰਧਾਰਤ ਕੀਤੀ ਗਈ ਹੈ।
ਸੈਕਟਰ 76 ਤੋਂ 80 ਵਿੱਚ ਪਲਾਟਾਂ ਦੀ ਮੌਜੂਦਾ ਦਰ 63,400 ਰੁਪਏ ਤੋਂ ਵਧਾ ਕੇ 70,000 ਰੁਪਏ ਪ੍ਰਤੀ ਵਰਗ ਗਜ਼ ਕਰ ਦਿੱਤੀ ਗਈ ਹੈ। ਆਈਟੀ ਸਿਟੀ, ਏਅਰੋਸਿਟੀ, ਈਕੋ ਸਿਟੀ-1 ਅਤੇ 2, ਏਅਰੋਟ੍ਰੋਪੋਲਿਸ (ਲੈਂਡ ਪੂਲਿੰਗ ਪਲਾਟ), ਸੈਕਟਰ 81 ਅਤੇ ਅੱਗਲੇ ਸੈਕਟਰਾਂ ਵਿੱਚ 100 ਤੋਂ 500 ਵਰਗ ਗਜ਼ ਤੱਕ ਦੇ ਪਲਾਟਾਂ ਲਈ ਦਰ 65,000 ਰੁਪਏ ਨਿਰਧਾਰਤ ਕੀਤੀ ਗਈ ਹੈ, ਜੋ ਕਿ ਪਹਿਲਾਂ 51,500 ਰੁਪਏ ਸੀ।
ਈਕੋ ਸਿਟੀ-2 (500 ਵਰਗ ਗਜ਼ ਤੋਂ ਵੱਧ) ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿੱਥੇ ਦਰ 61,800 ਰੁਪਏ ਤੋਂ ਵਧਾ ਕੇ 68,000 ਰੁਪਏ ਕਰ ਦਿੱਤੀ ਗਈ ਹੈ। ਉਦਯੋਗਿਕ (ਸੈਕਟਰ 57-ਏ ਅਤੇ 101) ਪਲਾਟਾਂ ਦੀ ਮੁੱਢਲੀ ਦਰ ਇੱਕ ਸਾਲ ਪਹਿਲਾਂ ਦੇ 36,900 ਰੁਪਏ ਪ੍ਰਤੀ ਵਰਗ ਗਜ਼ ਦੇ ਮੁਕਾਬਲੇ ਹੁਣ 45,000 ਰੁਪਏ ਪ੍ਰਤੀ ਵਰਗ ਗਜ਼ ਹੋ ਗਈ ਹੈ।
ਉਧਰ ਸੈਕਟਰ 101 ਵਿੱਚ 100 ਅਤੇ 200 ਵਰਗ ਗਜ਼ ਵਾਲੇ ਐਸ.ਸੀ.ਓਜ਼ ਦੀ ਦਰ 1,99,600 ਰੁਪਏ ਤੋਂ ਵਧਾ ਕੇ 2,25,000 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਰਾਜਪੁਰਾ ਅਰਬਨ ਅਸਟੇਟ ਵਿੱਚ ਦਰਾਂ 22,500 ਰੁਪਏ ਤੋਂ ਵਧਾ ਕੇ ਹੁਣ 25,000 ਰੁਪਏ ਪ੍ਰਤੀ ਵਰਗ ਗਜ਼ ਹੋ ਗਈਆਂ ਹਨ।
ਗਮਾਡਾ ਦੇ ਮੁੱਖ ਲੇਖਾ ਅਧਿਕਾਰੀ ਅਜੇ ਮਿੱਤਲ ਨੇ ਦੱਸਿਆ ਕਿ ਇਹ ਮੁੱਢਲੀਆਂ ਦਰਾਂ ਸਰਕਾਰੀ, ਅਰਧ-ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਪਲਾਟਾਂ ਦੀ ਅਲਾਟਮੈਂਟ, ਅਦਾਲਤੀ ਹੁਕਮਾਂ ਨੂੰ ਲਾਗੂ ਕਰਨ ਅਤੇ ਨਾ-ਉਸਾਰੀ ਫੀਸ ਨਿਰਧਾਰਤ ਕਰਨ ਲਈ ਲਾਗੂ ਹੋਣਗੀਆਂ। ਬਾਜ਼ਾਰ ਵਿੱਚ ਇਨ੍ਹਾਂ ਪਲਾਟਾਂ ਦੀਆਂ ਅਸਲ ਕੀਮਤਾਂ ਅਥਾਰਟੀ ਦੁਆਰਾ ਨਿਰਧਾਰਤ ਦਰਾਂ ਨਾਲੋਂ ਕਾਫ਼ੀ ਜ਼ਿਆਦਾ ਹਨ।
