ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਗਮਾਡਾ ਦਾ ਬੁਲਡੋਜ਼ਰ

* ਲੰਬਿਆਂ ਵਾਸੀਆਂ ਵੱਲੋਂ ਕਾਰਵਾਈ ਦਾ ਵਿਰੋਧ, ਸਿੱਧੂ ਨੇ ਪੀੜਤਾਂ ਦੀਆਂ ਸਮੱਸਿਆਵਾਂ ਸੁਣੀਆਂ

ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਗਮਾਡਾ ਦਾ ਬੁਲਡੋਜ਼ਰ

ਪਿੰਡ ਲੰਬਿਆਂ ਵਿੱਚ ਨਾਜਾਇਜ਼ ਉਸਾਰੀਆਂ ਢਾਹੁੰਦੀ ਹੋਈ ਗਮਾਡਾ ਦੀ ਟੀਮ। -ਫੋਟੋ: ਵਿੱਕੀ

ਪੱਤਰ ਪ੍ਰੇਰਕ

ਐਸ.ਏ.ਐਸ. ਨਗਰ (ਮੁਹਾਲੀ), 27 ਫਰਵਰੀ                                             

ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਅੱਜ ਇੱਥੋਂ ਦੇ ਪਿੰਡ ਲੰਬਿਆਂ ਵਿੱਚ ਨਾਜਾਇਜ਼ ਤੌਰ ’ਤੇ ਬਣੇ ਮਕਾਨਾਂ ਅਤੇ ਦੁਕਾਨਾਂ ’ਤੇ ਬੁਲਡੋਜ਼ਰ ਚਲਾਇਆ ਗਿਆ। ਗਮਾਡਾ ਦੀ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਨੂੰ ਪਿੰਡ ਵਾਸੀਆਂ ਅਤੇ ਦੁਕਾਨਦਾਰਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪ੍ਰੰਤੂ ਇਸ ਦੇ ਬਾਵਜੂਦ ਗਮਾਡਾ ਨੇ ਉਸਾਰੀਆਂ ਢਾਹ ਦਿੱਤੀਆਂ। ਹਾਲਾਂਕਿ ਉੱਥੇ ਦੁਕਾਨਾਂ ਕਰ ਰਹੇ ਅਤੇ ਰਹਿ ਰਹੇ ਲੋਕਾਂ ਨੇ ਕਾਫੀ ਤਰਲੇ ਕੱਢੇ ਅਤੇ ਦਸਤਾਵੇਜ਼ ਦਿਖਾਉਂਦਿਆਂ ਗਮਾਡਾ ’ਤੇ ਧੱਕੇਸ਼ਾਹੀ ਦਾ ਦੋਸ਼ ਵੀ ਲਾਇਆ ਪ੍ਰੰਤੂ ਫਿਰ ਵੀ ਕਾਫੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ। 

ਇਸ ਕਾਰਵਾਈ ਨੂੰ ਗਮਾਡਾ ਦੇ ਮਿਲਖ ਅਫਸਰ ਮਹੇਸ਼ ਬਾਂਸਲ ਦੀ ਅਗਵਾਈ ਹੇਠ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਸੀ। ਪੀੜਤ ਲੋਕਾਂ ਨੇ ਕਿਹਾ ਕਿ ਗਮਾਡਾ ਨੇ ਉਸਾਰੀਆਂ ਢਾਹੁਣ ਸਬੰਧੀ ਸਬੰਧਤ ਵਿਅਕਤੀਆਂ ਨੂੰ ਕੋਈ ਅਗਾਊਂ ਨੋਟਿਸ ਨਹੀਂ ਦਿੱਤਾ ਗਿਆ। 

ਨਰੇਸ਼ ਧੀਮਾਨ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਗਮਾਡਾ ਤੋਂ ਮੁਆਵਜ਼ਾ ਵੀ ਨਹੀਂ ਲਿਆ ਹੈ ਅਤੇ ਕਈ ਲੋਕਾਂ ਦਾ ਅਦਾਲਤ ਵਿੱਚ ਕੇਸ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਲੋਕਾਂ ਨੂੰ ਬਣਦਾ ਹੱਕ ਦੇਵੇ, ਲੰਬਿਆਂ ਦੀ ਜ਼ਮੀਨ ਬਦਲੇ ਪੀੜਤ ਲੋਕਾਂ ਨੂੰ ਮਕਾਨ, ਪਲਾਟ ਜਾਂ ਦੁਕਾਨਾਂ ਅਲਾਟ ਕੀਤੀਆਂ ਜਾਣ। ਇਸ ਤੋਂ ਬਾਅਦ ਉਹ ਖ਼ੁਦ ਇਸ ਜ਼ਮੀਨ ਤੋਂ ਆਪਣਾ ਕਬਜ਼ਾ ਛੱਡ ਦੇਣਗੇ।

 ਉਨ੍ਹਾਂ ਕਿਹਾ ਕਿ ਮਾਂਡਾ ਨੇ ਜਾਣਬੁੱਝ ਅੱਜ ਦੀ ਕਾਰਵਾਈ ਲਈ ਛੁੱਟੀ ਦਾ ਦਿਨ ਚੁਣਿਆ ਗਿਆ ਹੈ ਤਾਂ ਜੋ ਲੋਕਾਂ ਕਾਨੂੰਨੀ ਚਾਰਾਜੋਈ ਨਾ ਕਰ ਸਕਣ।

ਕਾਰਵਾਈ ਸਰਕਾਰੀ ਨੇਮਾਂ ਮੁਤਾਬਕ ਹੋਈ: ਅਫਸਰ

ਮਿਲਖ ਅਫ਼ਸਰ ਮਹੇਸ਼ ਬਾਂਸਲ ਨੇ ਕਿਹਾ ਕਿ ਸਰਕਾਰੀ ਕੰਮ ਲਈ ਕੋਈ ਛੁੱਟੀ ਮਾਇਨੇ ਨਹੀਂ ਰੱਖਦੀ ਹੈ। ਉਨ੍ਹਾਂ ਉਸਾਰੀਆਂ ਢਾਹੁਣ ਦੀ ਕਾਰਵਾਈ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਸਮੁੱਚੀ ਕਾਰਵਾਈ ਸਰਕਾਰੀ ਨੇਮਾਂ ਮੁਤਾਬਕ ਕੀਤੀ ਗਈ ਹੈ। ਜਨਵਰੀ ਵਿੱਚ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਹੁਣ ਵੀ ਦੋ ਦਿਨ ਪਹਿਲਾਂ ਸਬੰਧਤ ਲੋਕਾਂ ਨੂੰ ਸੂਚਿਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਮੁਆਵਜ਼ਾ ਲੈ ਚੁੱਕੇ ਹਨ ਅਤੇ ਕਾਫ਼ੀ ਲੋਕਾਂ ਨੂੰ ਬਦਲੇ ਵਿੱਚ ਪਲਾਟ ਅਲਾਟ ਕੀਤੇ ਜਾ ਚੁੱਕੇ ਹਨ। 

ਸਿੱਧੂ ਨੇ ਪੀੜਤਾਂ ਦੀਆਂ ਸਮੱਸਿਆਵਾਂ ਸੁਣੀਆਂ

ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਕਤ ਜ਼ਮੀਨ ਦੀ ਮਾਲਕੀ ਸਬੰਧੀ ਦਸਤਾਵੇਜ਼ਾਂ ਵੀ ਦੇਖੇ ਗਏ। ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਇੱਥੇ ਕਾਬਜ਼ ਲੋਕਾਂ ਨੂੰ ਨੋਟਿਸ ਦਿੱਤੇ ਗਏ ਸਨ ਅਤੇ ਜਿਨ੍ਹਾਂ ਲੋਕਾਂ ਨੇ ਮੁਆਵਜ਼ੇ ਦੀ ਰਾਸ਼ੀ ਨਹੀਂ ਲਈ ਹੈ ਜਾਂ ਦਸਤਾਵੇਜ਼ ਪੂਰੇ ਹਨ, ਉਨ੍ਹਾਂ ਨੂੰ ਨਹੀਂ ਛੇੜਿਆ ਜਾ ਰਿਹਾ ਹੈ। ਸ੍ਰੀ ਸਿੱਧੂ ਨੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਆਖਿਆ ਕਿ ਕਿਸੇ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All