ਪੰਜਾਬ ਯੂਨੀਵਰਸਿਟੀ ’ਚ ਗਲੋਬਲ ਅਲੂਮਨੀ ਮਿਲਣੀ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਆਪਣਾ ਛੇਵਾਂ ਗਲੋਬਲ ਅਲੂਮਨੀ ਮੀਟ (ਵਿਸ਼ਵ ਪੱਧਰੀ ਸਾਬਕਾ ਵਿਦਿਆਰਥੀ ਮਿਲਣੀ) ਕਰਵਾਈ। ਇਸ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਸਵਤੰਤਰ ਕੁਮਾਰ, ਚੰਡੀਗੜ੍ਹ ਦੇ ਡੀ ਜੀ ਪੀ ਡਾ. ਸਾਗਰ ਪ੍ਰੀਤ ਹੁੱਡਾ, ਪਦਮ ਸ਼੍ਰੀ ਪ੍ਰੋ. (ਡਾ.) ਨੀਲਮ ਮਾਨਸਿੰਘ ਚੌਧਰੀ ਅਤੇ ਅਚਾਰਿਆ ਕ੍ਰਿਸ਼ਨ ਕਾਂਤ ਅੱਤਰੀ ਆਦਿ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਕਰੀਬ 1000 ਸਾਬਕਾ ਵਿਦਿਆਰਥੀ, ਪ੍ਰੋਫੈਸਰ, ਸਾਬਕਾ ਤੇ ਮੌਜੂਦਾ ਵਾਈਸ ਚਾਂਸਲਰ, ਵਕੀਲ, ਉਦਯੋਗਪਤੀ ਤੇ ਪਰਵਾਸੀ ਭਾਰਤੀ ਇਕੱਠੇ ਹੋਏ ਅਤੇ ਆਪਣੇ ਵਿਦਿਆਰਥੀ ਸਮੇਂ ਦੀਆਂ ਯਾਦਾਂ ਤਾਜ਼ਾ ਕੀਤੀਆਂ।
ਉਦਘਾਟਨੀ ਸੰਬੋਧਨ ਵਿੱਚ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿਸ਼ਵ ਭਰ ਵਿੱਚ ਫੈਲੇ ਸਾਬਕਾ ਵਿਦਿਆਰਥੀ ਨੈੱਟਵਰਕ ਸਦਕਾ ਸਕਾਲਰਸ਼ਿਪ, ਮੈਂਟਰਸ਼ਿਪ ਪ੍ਰੋਗਰਾਮ, ਪਲੇਸਮੈਂਟ ਡਰਾਈਵਾਂ, ਵਿਸ਼ੇਸ਼ ਲੈਕਚਰਾਂ ਰਾਹੀਂ ਵਿਦਿਆਰਥੀਆਂ ਨੂੰ ਅਸਲ ਦੁਨੀਆਂ ਦੇ ਅਨੁਭਵ, ਕਰੀਅਰ ਮਾਰਗਦਰਸ਼ਨ ਅਤੇ ਖੋਜ ਦੇ ਮੌਕੇ ਪ੍ਰਦਾਨ ਕੀਤੇ ਹਨ। ਪ੍ਰੋ. ਵਿੱਗ ਨੇ ਅਲੂਮਨੀਜ਼ ਨੂੰ ਸਟਾਰਟਅਪ ਈਕੋ-ਸਿਸਟਮ ਨਾਲ ਜੁੜ ਕੇ ਨਵੇਂ ਇਨੋਵੇਸ਼ਨ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਸਵਤੰਤਰ ਕੁਮਾਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਉਹ ਜਗ੍ਹਾ ਹੈ ਜਿੱਥੇ ਪੀੜ੍ਹੀਆਂ ਮਿਲਦੀਆਂ ਹਨ ਤੇ ਚਰਿੱਤਰ ਬਣਦਾ ਹੈ। ਸਿੱਖਿਆ ਉਹ ਸ਼ਕਤੀ ਹੈ ਜੋ ਇੱਕ ਮਨੁੱਖ ਨੂੰ ਬਣਾ ਵੀ ਸਕਦੀ ਹੈ ਤੇ ਮਿਟਾ ਵੀ ਸਕਦੀ ਹੈ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਕਿੰਨੀ ਇਮਾਨਦਾਰੀ ਨਾਲ ਸਵੀਕਾਰਿਆ ਜਾਂਦਾ ਹੈ।
ਚੰਡੀਗੜ੍ਹ ਦੇ ਡੀ ਜੀ ਪੀ ਡਾ. ਸਾਗਰ ਪ੍ਰੀਤ ਹੁੱਡਾ ਜੋ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਵਿਦਿਆਰਥੀ ਹਨ, ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਯੂ ਕੇ ਤੋਂ ਆਏ ਅਚਾਰਿਆ ਕ੍ਰਿਸ਼ਨ ਕਾਂਤ ਅੱਤਰੀ, ਅਨਿਰੁੱਧ ਸਾਰਸਵਤ, ਡਾ. ਅਮਰੇਂਦਰ ਬੇਹਰਾ, ਜੈਸਮੀਨ ਰਾਣਾ, ਮਨੀਸ਼ ਜਿੰਦਲ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਐਲੂਮਨਾਈ ਨੂੰ ਸਨਮਾਨਿਆ ਗਿਆ।
ਸਵਾਗਤੀ ਸੰਬੋਧਨ ਵਿੱਚ ਡੀਨ ਐਲੂਮਨਾਈ ਰਿਲੇਸ਼ਨਜ਼ ਪ੍ਰੋ. ਲਤਿਕਾ ਸ਼ਰਮਾ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਸਮਾਰੋਹ ਦੌਰਾਨ ਰਜਿਸਟਰਾਰ ਪ੍ਰੋ. ਵਾਈ ਪੀ ਵਰਮਾ, ਪ੍ਰੋ. ਜਗਤ ਭੂਸ਼ਣ, ਫ਼ਾਇਨੈਂਸ ਅਤੇ ਡਿਵੈਲਪਮੈਂਟ ਅਫਸਰ ਡਾ. ਵਿਕਰਮ ਨਈਅਰ ਆਦਿ ਹਾਜ਼ਰ ਸਨ। ਸਮਾਰੋਹ ਦੀ ਸਮਾਪਤੀ ਡੀਨ ਯੂਨੀਵਰਸਿਟੀ ਇੰਸਟ੍ਰੱਕਸ਼ਨਸ ਪ੍ਰੋ. ਯੋਜਨਾ ਰਾਵਤ ਵੱਲੋਂ ਧੰਨਵਾਦ ਮਤੇ ਨਾਲ ਹੋਇਆ।
