ਸੜਕ ਦੀ ਉਸਾਰੀ ਨਾ ਹੋਣ ਖ਼ਿਲਾਫ਼ ਇਕੱਤਰਤਾ
ਟੀ ਡੀ ਆਈ ਹਾਊਸ ਅੱਗੇ 7 ਨੂੰ ਧਰਨਾ ਦੇਣ ਦਾ ਐਲਾਨ; ‘ਕੋਰਵਾਸ’ ਦੀ ਮੀਟਿੰਗ ’ਚ ਫ਼ੈਸਲਾ
ਕਮੇਟੀ ਆਫ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਐਂਡ ਸੁਸਾਇਟੀਜ਼ ਮੁਹਾਲੀ (ਕੋਰਵਾਸ) ਦੇ ਨੁਮਾਇੰਦਿਆਂ ਦੀ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿਚ ਮੁਹਾਲੀ ਦੀ 200 ਫੁੱਟ ਚੌੜੀ ਪੀ ਆਰ-106 ਦੀ ਉਸਾਰੀ ਨਾ ਹੋਣ ਵਿਰੋਧ ਰੋਸ ਪ੍ਰਗਟਾਇਆ ਗਿਆ। ਇਸ ਮੌਕੇ 7 ਮਾਰਚ ਨੂੰ ਸਵੇਰੇ 11 ਵਜੇ ਟੀ ਡੀ ਆਈ ਹਾਊਸ ਸੈਕਟਰ 119 ਮੁਹਾਲੀ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਸ਼ਾਮਲ ਟੀ ਡੀ ਆਈ ਸੈਕਟਰ 117, ਸੀ ਆਰ 74, ਆਂਸਲ 116, ਸੰਨੀ ਬਸੰਤ ਵੱਖ-ਵੱਖ ਸੈਕਟਰਾਂ ਦੀਆਂ ਐਸੋਸੀਏਸ਼ਨਾਂ ਦੇ ਨੁਮਾਇੰਦੇ ਸ਼ਾਮਲ ਸਨ।
ਸ੍ਰੀ ਸਰਾਓ ਨੇ ਦੱਸਿਆ ਕਿ 7 ਮਾਰਚ ਦਾ ਪ੍ਰਦਰਸ਼ਨ ਪੀ ਆਰ 6, 200 ਫੁੱਟੀ ਸੜਕ ਜਿਹੜੀ ਕਿ ਸੈਕਟਰ 117-74, 116-92, ਅਤੇ 118-119 ਨੂੰ ਵੰਡਦੀ ਹੈ, ਦੇ ਲੰਮੇ ਸਮੇਂ ਤੋਂ ਬਕਾਇਆ ਉਸਾਰੀ ਕਾਰਜ ਨਾ ਹੋਣ ਦੇ ਵਿਰੋਧ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੀ ਡੀ ਆਈ ਨੇ ਆਪਣੇ ਸੈਕਟਰਾਂ ਦੀ ਉਸਾਰੀ ਕਰਨ ਅਤੇ ਪਲਾਟ ਵੇਚਣ ਮੌਕੇ ਸਬੰਧਤ 200 ਫੁੱਟ ਸੜਕ ਨੂੰ ਵੱਡੀ ਪੱਧਰ ’ਤੇ ਪ੍ਰਚਾਰਿਆ ਸੀ। ਉਨ੍ਹਾਂ ਕਿਹਾ ਕਿ ਹੁਣ ਲੰਮੇ ਸਮੇਂ ਤੋਂ ਇਸ ਸੜਕ ਦੀ ਉਸਾਰੀ ਰੋਕੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸਥਾਨਕ ਵਸਨੀਕਾਂ ਨੂੰ ਟਰੈਫ਼ਿਕ, ਪਾਣੀ ਦੀ ਨਿਕਾਸੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪਾਸ ਮਤੇ ਰਾਹੀਂ ਕੋਰਵਾਸ ਨੇ ਮੰਗ ਕੀਤੀ ਕਿ ਬਿਲਡਰ ਤੁਰੰਤ ਗਮਾਡਾ ਨੂੰ ਸਬੰਧਤ ਸੜਕ ਦੀ ਉਸਾਰੀ ਦੀ ਇਜਾਜ਼ਤ ਦੇਵੇ ਜਾਂ ਫ਼ਿਰ ਸੜਕ ਆਪਣੇ ਖਰਚੇ ਤੇ ਸੜਕ ਦਾ ਨਿਰਮਾਣ ਕਰਾਵੇ। ਉਨ੍ਹਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਮਗਰੋਂ ਵੀ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

