ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਬੈਨਰ ਹੇਠ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦੇ ਸੈਕਟਰ 34 ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਸਮੂਹ ਮੁਲਾਜ਼ਮਾਂ ਨੇ ਅੱਜ ਸਾਂਝੇ ਮੁਲਾਜ਼ਮ ਮੰਚ ਦੇ ਸੱਦੇ ’ਤੇ ਗੇਟ ਰੈਲੀ ਕੀਤੀ। ਮੁਲਾਜ਼ਮਾਂ ਨੇ ਮਹਿੰਗਾਈ ਭੱਤੇ (ਡੀ ਏ) ਸਣੇ ਹੋਰ ਕਈ ਮੰਗਾਂ ਸਬੰਧੀ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਯੂਨੀਅਨ ਦੇ ਪ੍ਰਧਾਨ ਮਨਪ੍ਰੀਤ ਸਿੰਘ, ਸਲਾਹਕਾਰ ਜਗਤਾਰ ਸਿੰਘ, ਪ੍ਰਚਾਰ ਸਕੱਤਰ ਗੁਰਪ੍ਰੀਤ ਸਿੰਘ ਅਤੇ ਕਨਵੀਨਰ ਜਸਵੀਰ ਸਿੰਘ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ ਟੀ. ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਜਨਰਲ ਸਕੱਤਰ ਸਾਹਿਲ ਸ਼ਰਮਾ, ਸਿੰਜਾਈ ਵਿਭਾਗ ਯੂਨੀਅਨ ਤੋਂ ਚੇਅਰਮੈਨ ਸੁਖਵਿੰਦਰ ਸਿੰਘ, ਟਰਾਂਸਪੋਰਟ ਵਿਭਾਗ ਤੋਂ ਪ੍ਰਧਾਨ ਹਰਨੇਕ ਸਿੰਘ, ਫੂਡ ਸਪਲਾਈ ਤੋਂ ਹਰਚਰਨ ਸਿੰਘ ਅਤੇ ਮੁਹਾਲੀ ਵਿੰਗ ਤੋਂ ਕੋਆਰਡੀਨੇਟਰ ਅਮਿਤ ਕਟੋਚ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਅਤੇ ਹੋਰਨਾਂ ਨੇੜਲੇ ਸੂਬਿਆਂ ਦੇ ਮੁਲਾਜ਼ਮਾਂ ਨੂੰ ਡੀ ਏ ਦੀ ਸਮੇਂ ਸਿਰ ਅਦਾਇਗੀ ਕੀਤੀ ਜਾ ਰਹੀ ਹੈ, ਜਦ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਦੇ ਰਾਜ ਵਿੱਚ ਮੁਲਾਜ਼ਮ ਵਰਗ ਡੀ ਏ ਲਈ ਤਰਸ ਰਿਹਾ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ, ਡਾਕਟਰਾਂ ਨੂੰ ਦਿੱਤੇ ਜਾ ਰਹੇ ਐੱਮ ਏ ਸੀ ਪੀ ਦਾ ਲਾਭ ਬਾਕੀ ਮੁਲਾਜ਼ਮ ਵਰਗ ਨੂੰ ਵੀ ਦੇਣ ਅਤੇ 15 ਜਨਵਰੀ 2015 ਅਤੇ 17 ਜੁਲਾਈ 2020 ਦਾ ਪੱਤਰ ਰੱਦ ਕਰਨ ਦੀ ਮੰਗ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕਰਵਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ।
ਮੁਲਾਜ਼ਮ ਆਗੂਆਂ ਨੇ ਸਖ਼ਤ ਲਹਿਜੇ ਵਿੱਚ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਲਾਮਬੰਦ ਕਰ ਕੇ ਪਟਿਆਲਾ ਰੈਲੀ ਵਾਂਗ ਵੱਡਾ ਐਕਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਮੰਚ ਸੰਚਾਲਨ ਯੂਨੀਅਨ ਦੇ ਸਟੇਜ ਸਕੱਤਰ ਗੁਰਮੀਤ ਸਿੰਘ ਰਾਣਾ ਨੇ ਕੀਤਾ।
ਇਸ ਮੌਕੇ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਚੇਅਰਮੈਨ ਪਰਵਿੰਦਰ ਸਿੰਘ, ਵਾਈਸ ਚੇਅਰਮੈਨ ਤੋਸ਼ਪਿੰਦਰ ਸਿੰਘ, ਪ੍ਰਧਾਨ ਮਨਪ੍ਰੀਤ ਸਿੰਘ, ਕਨਵੀਨਰ ਜਸਵੀਰ ਸਿੰਘ, ਜਨਰਲ ਸਕੱਤਰ ਅਮਨਦੀਪ ਸਿੰਘ, ਸੁਖਚੈਨ ਸਿੰਘ, ਅਮਨਦੀਪ ਕੌਰ, ਕੁਲਦੀਪ ਸਿੰਘ, ਗੁਰਪ੍ਰੀਤ ਕੌਰ, ਗਗਨਦੀਪ ਸਿੰਘ, ਸੁਰੇਸ਼ ਕੁਮਾਰ ਸਿੰਗਲਾ, ਪੰਕਜ ਸ਼ਰਮਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਰਾਣਾ, ਦਵਿੰਦਰ ਸਿੰਘ, ਰਾਜਿੰਦਰ ਸਿੰਘ, ਸ਼ਿਵੰਦਰ ਸਿੰਘ, ਜਗਤਾਰ ਸਿੰਘ ਅਤੇ ਕਰਨ ਹਾਜ਼ਰ ਸਨ।

