ਮੁਕੇਸ਼ ਕੁਮਾਰ
ਚੰਡੀਗੜ੍ਹ, 20 ਜਨਵਰੀ
ਸ਼ਹਿਰ ਵਿੱਚ ਸਰੋਤ ਪੱਧਰ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਚੁੱਕਣ ਲਈ ਲਾਗੂ ਕੀਤੀ ਗਈ ਯੋਜਨਾ ਨੂੰ ਲੈਕੇ ਚੰਡੀਗੜ੍ਹ ਨਗਰ ਨਿਗਮ ਅਤੇ ਨਿੱਜੀ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਵਿਚਕਾਰ ਰੇੜਕਾ ਜਾਰੀ ਹੈ। ਨਗਰ ਨਿਗਮ ਦੇ ਖ਼ਿਲਾਫ਼ ਗਾਰਬੇਜ ਕੁਲੈਕਟਰਾਂ ਦਾ ਪਿਛਲੇ 21 ਦਿਨਾਂ ਤੋਂ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ ਜਾਰੀ ਹੈ।
ਅੱਜ ਨਗਰ ਨਿਗਮ ਦਫਤਰ ਨੇੜੇ ਰੋਸ ਪ੍ਰਦਰਸ਼ਨ ਦੌਰਾਨ ਗਾਰਬੇਜ ਕੁਲੈਕਟਰਾਂ ਨੇ ਨਿਗਮ ਪ੍ਰਸਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ। ਗਾਰਬੇਜ ਕੁਲੈਕਟਰਾਂ ਨੇ ਅੱਜ ਇਥੇ ਸੈਕਟਰ 19, 20, 27 ਅਤੇ 30 ਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਪੈਦਲ ਮਾਰਚ ਕੀਤਾ ਅਤੇ ਭਾਂਡੇ ਖੜਕਾ ਕੇ ਸੈਕਟਰ ਵਾਸੀਆਂ ਤੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਮਰਥਨ ਮੰਗਿਆ। ਇਸ ਤੋਂ ਇਲਾਵਾ ਗਾਰਬੇਜ ਕੁਲੈਕਟਰਾਂ ਵੱਲੋਂ ਨਗਰ ਨਿਗਮ ਦਫਤਰ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਜਾਰੀ ਰੱਖੀ ਗਈ। ਸਰਬ ਭਾਰਤੀ ਮਜ਼ਦੂਰ ਸੰਗਠਨ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਲੋਹਟੀਆ ਨੇ ਨਿਗਮ ਦੀ ਸੁੱਕਾ ਤੇ ਗਿੱਲਾ ਕੂੜਾ ਇਕੱਤਰ ਕਰਨ ਦੀ ਯੋਜਨਾ ਬਾਰੇ ਦੱਸਿਆ ਕਿ ਨਿਗਮ ਨੇ ਗਾਰਬੇਜ ਕੁਲੈਕਟਰਾਂ ਨੂੰ ਕਥਿਤ ਤੌਰ ’ਤੇ ਧੋਖੇ ਵਿੱਚ ਰੱਖ ਕੇ ਇਹ ਯੋਜਨਾ ਸ਼ੁਰੂ ਕੀਤੀ ਹੈ।
ਵਿਵਾਦ ਦਾ ਵੇਰਵਾ
ਡੋਰ-ਟੂ-ਡੋਰ ਗਾਰਬੇਜ ਕੁਲੈਕਟਰਜ਼ ਸੁਸਾਇਟੀ ਦੇ ਪ੍ਰਧਾਨ ਕਿਸ਼ਨ ਦੁੱਲਾ ਨੇ ਕਿਹਾ ਕਿ ਨਗਰ ਨਿਗਮ ਨੇ ਜੇ ਛੇਤੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਉਹ ਰੋਸ ਪ੍ਰਦਰਸ਼ਨ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚੋਂ ਸੁੱਕਾ ਤੇ ਗਿੱਲਾ ਕੂੜਾ ਇਕੱਤਰ ਕਰਨ ਲਈ ਪਹਿਲਾਂ ਤੋਂ ਹੀ ਕੰਮ ਕਰ ਰਹੇ ਨਿੱਜੀ ਗਾਰਬੇਜ ਕੁਲੈਕਟਰਾਂ ਨੂੰ ਹੀ ਇਹ ਕਾਰਜ ਸੌਂਪਿਆ ਜਾਵੇ। ਨਗਰ ਨਿਗਮ ਵੱਲੋਂ ਆਪਣੇ ਵਾਹਨਾਂ ਰਾਹੀਂ ਕੂੜਾ ਇਕੱਤਰ ਕਰਨ ਦੀ ਯੋਜਨਾ ਦਾ ਉਹ ਸਖਤ ਵਿਰੋਧ ਕਰਦੇ ਹਨ।