ਗੈਂਗਸਟਰ ਬੰਬੀਹਾ ਗਰੁੱਪ ਦਾ ਮੈਂਬਰ ਗ੍ਰਿਫ਼ਤਾਰ

ਗੈਂਗਸਟਰ ਬੰਬੀਹਾ ਗਰੁੱਪ ਦਾ ਮੈਂਬਰ ਗ੍ਰਿਫ਼ਤਾਰ

ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 25 ਅਕਤੂਬਰ

ਚੰਡੀਗੜ੍ਹ ਪੁਲੀਸ ਨੇ ਸੋਪੂ ਨੇਤਾ ਗੁਰਲਾਲ ਬਰਾੜ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਕਥਿਤ ਤੌਰ ’ਤੇ ਸ਼ਾਮਲ ਗੈਂਗਸਟਰ ਬੰਬੀਹਾ ਗਰੁੱਪ ਦੇ ਮੈਂਬਰ ਗੁਰਮੀਤ ਸਿੰਘ ਉਰਫ ਗੀਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਗੁਰਲਾਲ ਬਰਾੜ ਦੇ ਕਾਤਲਾਂ ਨੂੰ ਵਾਰਦਾਤ ਲਈ ਮੋਟਰਸਾਈਕਲ ਸੌਂਪਣ ਵਾਲੇ ਗੁਰਵਿੰਦਰ ਸਿੰਘ ਦੇ ਨਾਲ ਗੁਰਮੀਤ ਸਿੰਘ ਉਰਫ ਗੀਤਾ ਵੀ ਕਥਿਤ ਤੌਰ ’ਤੇ ਸ਼ਾਮਲ ਸੀ। ਚੰਡੀਗੜ੍ਹ ਪੁਲੀਸ ਨੇ ਨਸ਼ਾ ਸਪਲਾਈ ਕਰਨ ਵਾਲੇ ਗੁਰਮੀਤ ਸਿੰਘ ਉਰਫ ਗੀਤਾ ਨੂੰ ਇਥੇ ਆਈਐੱਸਬੀਟੀ ਨੇੜਿਓਂ ਗ੍ਰਿਫਤਾਰ ਕੀਤਾ ਹੈ।

ਗੁਰਮੀਤ ਮੁਹਾਲੀ ਜ਼ਿਲ੍ਹੇ ਦੇ ਘੜੂਆਂ ਇਲਾਕੇ ਦਾ ਵਸਨੀਕ ਹੈ। ਪੁਲੀਸ ਅਨੁਸਾਰ ਊਹ ਮਹਾਰਾਸ਼ਟਰ ਸਥਿਤ ਹਜ਼ੂਰ ਸਾਹਿਬ ਫਰਾਰ ਹੋਣ ਦੀ ਤਿਆਰੀ ਵਿੱਚ ਸੀ। ਪੁਲੀਸ ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗੁਰਵਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ ਹੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੂੰ ਗੁਰਮੀਤ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਕ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਦਵਿੰਦਰ ਬੰਬੀਹਾ ਗਰੋਹ ਦੇ ਮੈਂਬਰ ਗੌਰਵ ਉਰਫ ਲੱਕੀ ਨਾਲ ਹੋਈ। ਪੁਲੀਸ ਅਨੁਸਾਰ ਗੌਰਵ ਨੇ ਹੀ ਗੁਰਲਾਲ ਬਰਾੜ ਦੇ ਕਤਲ ਲਈ ਗੁਰਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਉਰਫ ਗੀਤਾ ਨੂੰ ਨਕਲੀ ਨੰਬਰ ਪਲੇਟ ਲੱਗੇ ਹੋਏ ਮੋਟਰਸਾਈਕਲ ਦੀ ਵਿਵਸਥਾ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਯੋਜਨਾ ਤਹਿਤ 8 ਅਕਤੂਬਰ ਨੂੰ ਖਰੜ ਵਿਚ ਨੀਰਜ ਚਸਕਾ, ਮਾਨ ਅਤੇ ਹੋਰਨਾਂ ਨੂੰ ਮੋਟਰਸਾਈਕਲ ਸੌਂਪ ਦਿੱਤਾ ਸੀ। ਇਸ ਤੋਂ ਦੋ ਦਿਨ ਬਾਅਦ ਹੀ 10 ਤੇ 11 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਲਗਪਗ ਸਵਾ 12 ਵਜੇ ਮੋਟਰਸਾਈਕਲ ਸਵਾਰ ਬਦਮਾਸ਼ ਇਥੇ ਸਥਿਤ ਸਨਅਤੀ ਖੇਤਰ ਵਿੱਚ ਸਿਟੀ ਐਂਪੋਰੀਅਮ ਦੇ ਸਾਹਮਣੇ ਗੁਰਲਾਲ ਬਰਾੜ ਦੀ ਹੱਤਿਆ ਕਰਨ ਮਗਰੋਂ ਫਰਾਰ ਹੋ ਗਏ ਸਨ।

ਨਸ਼ੀਲੇ ਪਦਾਰਥ ਦਾ ਦਿੱਤਾ ਗਿਆ ਸੀ ਲਾਲਚ

ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤਾ ਗੁਰਮੀਤ ਸਿੰਘ ਉਰਫ ਗੀਤਾ ਨਸ਼ੇ ਕਰਨ ਦਾ ਆਦੀ ਹੈ। ਪੁਲੀਸ ਨੂੰ ਜਾਂਚ ਦੌਰਾਨ ਪਤਾ ਲਗਾਇਆ ਹੈ ਕਿ ਸੋਪੂ ਨੇਤਾ ਗੁਰਲਾਲ ਬਰਾੜ ਦੇ ਕਤਲ ਲਈ ਇਸਤੇਮਾਲ ਕੀਤੇ ਜਾਣ ਵਾਲੇ ਮੋਟਰਸਾਈਕਲ ਦੀ ਵਿਵਸਥਾ ਕਰਨ ਲਈ ਗੁਰਮੀਤ ਸਿੰਘ ਉਰਫ ਗੀਤਾ ਨੂੰ ਗੌਰਵ ਨੇ ਨਸ਼ੀਲਾ ਪਦਾਰਥ (ਕੋਕੀਨ) ਦੇਣ ਦਾ ਲਾਲਚ ਦਿੱਤਾ ਸੀ। ਪੁਲੀਸ ਗੁਰਲਾਲ ਬਰਾੜ ਦੇ ਕਤਲ ਨੂੰ ਲੈਕੇ ਸਾਰੀਆਂ ਕੜੀਆਂ ਜੋੜ ਕੇ ਹਰ ਪੱਖ ਤੋਂ ਜਾਂਚ ਕਰ ਰਹੀ ਹੈ।

ਦੇਸੀ ਪਿਸਤੌਲ ਅਤੇ 21 ਕਾਰਤੂਸ ਬਰਾਮਦ

ਸ਼ਹਿਰ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚੰਡੀਗੜ੍ਹ ਪੁਲੀਸ ਵੱਲੋਂ ਚੌਕਸੀ ਵਧਾਈ ਗਈ ਹੈ। ਐੱਸਐੱਸਪੀ ਕੁਲਦੀਪ ਸਿੰਘ ਚਾਹਲ ਦੇ ਆਦੇਸ਼ਾਂ ’ਤੇ ਡੀਐੱਸਪੀ (ਸੈਂਟਰਲ) ਕ੍ਰਿਸ਼ਨ ਕੁਮਾਰ ਦੀ ਨਿਗਰਾਨੀ ਹੇਠ ਸੈਕਟਰ-17 ਪੁਲੀਸ ਥਾਣੇ ਵੱਲੋਂ ਐੱਸਐੱਚਓ ਰਾਮ ਰਤਨ ਦੀ ਅਗਵਾਈ ਹੇਠ ਇਥੇ ਸੈਕਟਰ-8 ਵਿੱਚ ਸਿੰਧੀ ਸਵੀਟਸ ਨੇੜੇ ਲਗਾਏ ਗਏ ਨਾਕੇ ਦੌਰਾਨ ਕੀਤੀ ਜਾ ਰਹੀ ਜਾਂਚ ਮੌਕੇ ਦੋ ਵਾਹਨਾਂ ’ਚੋਂ ਇਕ ਦੇਸੀ ਪਿਸਤੌਲ ਸਮੇਤ 21 ਕਾਰਤੂਸ ਬਰਾਮਦ ਕੀਤੇ ਗਏ। ਪੁਲੀਸ ਅਨੁਸਾਰ ਨਾਜਾਇਜ਼ ਅਸਲੇ ਸਣੇ ਇਨ੍ਹਾਂ ਵਾਹਨਾਂ ਵਿੱਚ ਸਵਾਰ ਤਿੰਨ ਮੁਲਜ਼ਮਾਂ ਮਨਦੀਪ ਸਿੰਘ (29) ਵਾਸੀ ਜ਼ਿਲਾ ਰੋਪੜ, ਪ੍ਰਦੀਪ (24) ਵਾਸੀ ਹਿਮਾਚਲ ਪ੍ਰਦੇਸ਼ ਅਤੇ ਹੁਸਨਦੀਪ ਸਿੰਘ ਹੁੰਦਲ (34) ਵਾਸੀ ਪੱਟੀ (ਅੰਮ੍ਰਿਤਸਰ) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਕੇ ਦੌਰਾਨ ਹਿਮਾਚਲ ਨੰਬਰ ਦੀ ਵਰਨਾ ਕਾਰ ਦਾ ਚਾਲਕ ਨਾਕਾ ਤੋੜ ਕੇ ਫਰਾਰ ਹੋ ਗਿਆ। ਪੁਲੀਸ ਵੱਲੋਂ ਕਾਰ ਦੀ ਭਾਲ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All