ਗੇਮਿੰਗ ਐਪ: ਤਿੰਨ ਠੱਗ ਗ੍ਰਿਫ਼ਤਾਰ
ਮੁਹਾਲੀ ਦੀ ਸਾਈਬਰ ਕਰਾਈਮ ਪੁਲੀਸ ਨੇ ਗੇਮਿੰਗ ਐਪ ਦੇ ਨਾਮ ’ਤੇ ਠੱਗੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਸਾਈਬਰ ਕਰਾਈਮ ਪੁਲੀਸ ਨੇ 80 ਸਾਲਾ ਮਹਿਲਾ ਨੂੰ ਦੋ ਕਰੋੜ ਰੁਪਏ ਦੀ ਡਿਜੀਟਲ ਠੱਗੀ ਤੋਂ ਬਚਾਇਆ ਗਿਆ ਹੈ।
ਐੱਸ ਐੱਸ ਪੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਥਾਣਾ ਸਾਈਬਰ ਕਰਾਈਮ ਫੇਜ਼-7 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਨੀ ਇਨਕਲੇਵ, ਖਰੜ ਦੇ ਇੱਕ ਘਰ ਵਿੱਚ ਕੁਝ ਵਿਅਕਤੀ ਗੇਮਿੰਗ ਐਪ ਦੇ ਨਾਮ ’ਤੇ ਆਨਲਾਈਨ ਠੱਗੀਆਂ ਮਾਰ ਰਹੇ ਹਨ। ਇਸ ਮਾਮਲੇ ਵਿੱਚ ਐੱਸ ਪੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਛਾਪਾ ਮਾਰ ਕੇ ਤਿੰਨ ਮੁਲਜ਼ਮਾਂ ਅਕਸ਼ੈ ਕੁਮਾਰ ਸਿਰਸਾ (ਹਰਿਆਣਾ), ਸਿਤੇਸ਼ ਪਾਟਨ (ਗੁਜਰਾਤ) ਅਤੇ ਚੇਤਨ ਸਾਗੂੜੀਆ (ਗੁਜਰਾਤ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 20 ਮੋਬਾਈਲ ਫੋਨ, ਤਿੰਨ ਲੈਪਟਾਪ, 41 ਏ ਟੀ ਐੱਮ ਕਾਰਡ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਗਰੋਹ ਗੇਮਿੰਗ ਐਪ ਦੇ ਨਾਮ ’ਤੇ ਲੋਕਾਂ ਨਾਲ ਕਰੀਬ ਤਿੰਨ ਕਰੋੜ ਦੀ ਠੱਗੀ ਮਾਰ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਪੁਲੀਸ ਨੇ ਇੱਕ ਹੋਰ ਮਾਮਲੇ ਵਿੱਚ ਕਾਰਵਾਈ ਕਰਦਿਆਂ 80 ਸਾਲਾ ਮਹਿਲਾ ਨੂੰ ਦੋ ਕਰੋੜ ਰੁਪਏ ਦੀ ਡਿਜੀਟਲ ਠੱਗੀ ਤੋਂ ਬਚਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧੀਆਂ ਨੇ ਮਹਿਲਾ ਨੂੰ ਤਿੰਨ ਦਿਨ ਤਕ ਵੀਡੀਓ ਕਾਲ ਰਾਹੀਂ ਡਰਾ ਕੇ ਰੱਖਿਆ ਅਤੇ ਉਸ ਨੂੰ ਆਪਣੇ ਬੈਂਕ ਖਾਤੇ ’ਚੋਂ ਦੋ ਕਰੋੜ ਟਰਾਂਸਫਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਸੂਚਨਾ ਮਿਲਣ ’ਤੇ ਪੁਲੀਸ ਨੇ ਮਹਿਲਾ ਨੂੰ ਠੱਗੀ ਤੋਂ ਬਚਾਇਆ ਅਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
