ਗਮਾਡਾ ਨੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ : The Tribune India

ਗਮਾਡਾ ਨੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ

ਗਮਾਡਾ ਨੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ

ਮੁਹਾਲੀ ’ਚੋਂ ਨਾਜਾਇਜ਼ ਕਬਜ਼ੇ ਹਟਾਉਂਦੇ ਹੋਏ ਨਗਰ ਨਿਗਮ ਦੀ ਟੀਮ। -ਫੋਟੋ: ਸੋਢੀ

ਦਰਸ਼ਨ ਸਿੰਘ ਸੋਢੀ

ਐੱਸ.ਏ.ਐੱਸ. ਨਗਰ (ਮੁਹਾਲੀ), 4 ਦਸੰਬਰ

ਗਮਾਡਾ ਅਤੇ ਮੁਹਾਲੀ ਨਗਰ ਨਿਗਮ ਨੇ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਮਜ਼ਬੂਤੀ ਨਾਲ ਪੱਖ ਰੱਖਣ ਅਤੇ ਅਦਾਲਤ ਦੀ ਝਾੜ-ਝੰਬ ਤੋਂ ਬਚਣ ਲਈ ਨਾਜਾਇਜ਼ ਕਬਜ਼ੇ ਅਤੇ ਨਾਜਾਇਜ਼ ਰੇਹੜੀਆਂ-ਫੜ੍ਹੀਆਂ ਹਟਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਢ ਦਿੱਤੀ ਹੈ। ਇਸ ਤਹਿਤ ਮਾਰਕੀਟਾਂ ਦੇ ਅੱਗੇ ਅਤੇ ਪਿੱਛੇ ਪਾਰਕਿੰਗਾਂ ’ਚੋਂ ਨਾਜਾਇਜ਼ ਕਬਜ਼ੇ ਅਤੇ ਅਣਅਧਿਕਾਰਤ ਰੇਹੜੀਆਂ-ਫੜ੍ਹੀਆਂ ਹਟਾਉਣ ਸਮੇਤ ਸਾਮਾਨ ਵੀ ਜ਼ਬਤ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਹਾਈ ਕੋਰਟ ਵਿੱਚ ਇੱਕ ਮਾਮਲਾ ਪੈਂਡਿੰਗ ਪਿਆ ਹੈ, ਜਿਸ ਦੀ ਸੁਣਵਾਈ 8 ਦਸੰਬਰ ਨੂੰ ਹੋਵੇਗੀ। ਇਸ ਸਬੰਧੀ ਗਮਾਡਾ ਨੂੰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਇਸ ਕਾਰਨ ਗਮਾਡਾ ਨੇ ਨਗਰ ਨਿਗਮ ਨਾਲ ਮਿਲ ਕੇ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ, ਇਸ ਤਰ੍ਹਾਂ ਗਮਾਡਾ ਅਤੇ ਨਿਗਮ ਪ੍ਰਸ਼ਾਸਨ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾ ਰਹੇ ਹਨ। ਇੱਕ ਤਾਂ ਨਗਰ ਨਿਗਮ ਦਾ ਸ਼ਹਿਰ ਨੂੰ ਨਾਜਾਇਜ਼ ਰੇਹੜੀ-ਫੜ੍ਹੀਆਂ ਤੋਂ ਮੁਕਤ ਕਰਨ ਦਾ ਵਾਅਦਾ ਪੂਰਾ ਹੋਵੇਗਾ, ਦੂਜਾ ਗਮਾਡਾ ਵੱਲੋਂ ਅਦਾਲਤ ਵਿੱਚ ਮਜ਼ਬੂਤ ਪੱਖ ਰੱਖਿਆ ਜਾਵੇਗਾ। ਉਧਰ, ਬੀਤੇ ਦਿਨੀਂ ਸੈਕਟਰ-70 ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਸਮੇਂ ਇੱਕ ਦੁਕਾਨਦਾਰ ਨੇ ਨਗਰ ਨਿਗਮ ਦੀ ਟੀਮ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਤੋਂ ਬਾਅਦ ਮੁਲਾਜ਼ਮ ਕਾਫ਼ੀ ਭੈਅਭੀਤ ਹਨ। ਇਸ ਲਈ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਨੂੰ ਮੌਕੇ ’ਤੇ ਪੁਲੀਸ ਸੱਦਣੀ ਪਈ ਅਤੇ ਨਾਜਾਇਜ਼ ਕਬਜ਼ੇ ਹਟਾਏ ਗਏ।

ਪਾਸ ਮਤਿਆਂ ਨੂੰ ਪ੍ਰਵਾਨਗੀ ਨਹੀਂ ਦੇ ਰਹੀ ਹੈ ਸਰਕਾਰ: ਜੀਤੀ ਸਿੱਧੂ

ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਸ਼ਹਿਰ ’ਚੋਂ ਨਾਜਾਇਜ਼ ਰੇਹੜੀਆਂ-ਫੜ੍ਹੀਆਂ ਅਤੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ, ਪਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਹਾਊਸ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਜਾਂਦੇ ਮਤਿਆਂ ਨੂੰ ਪ੍ਰਵਾਨਗੀ ਦੇਣ ਤੋਂ ਸਰਕਾਰ ਆਨਾਕਾਨੀ ਕਰਦੀ ਆ ਰਹੀ ਹੈ। ਪੁਲੀਸ ਸੁਰੱਖਿਆ ਬਾਰੇ ਜੀਤੀ ਸਿੱਧੂ ਤੇ ਬੇਦੀ ਨੇ ਕਿਹਾ ਕਿ ਇਹ ਮਤਾ ਹਾਊਸ ਵਿੱਚ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ, ਹਾਲਾਂਕਿ ਪੋਸਟਾਂ ਵੀ ਸੈਕਸ਼ਨ ਹੋ ਚੁੱਕੀਆਂ ਹਨ, ਪਰ ਹੁਣ ਤੱਕ ਪੱਕੇ ਤੌਰ ’ਤੇ ਪੁਲੀਸ ਦੀ ਟੁਕੜੀ ਮੁਹੱਈਆ ਨਹੀਂ ਕੀਤੀ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All