ਗਗਨ ਮਾਨ ਦੇ ਅਸਤੀਫ਼ੇ ਨੇ ਬਦਲੇ ਹਲਕਾ ਖਰੜ ਦੇ ਸਿਆਸੀ ਸਮੀਕਰਨ
ਮਿਹਰ ਸਿੰਘ
ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਦੇ ਅਚਾਨਕ ਵਿਧਾਇਕੀ ਤੋਂ ਅਸਤੀਫ਼ੇ ਅਤੇ ਸਿਆਸਤ ਤੋਂ ਕਿਨਾਰਾ ਕਰਨ ਦੇ ਟਵੀਟ ਨੇ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਧਮਾਕਾ ਕੀਤਾ ਹੈ, ਉੱਥੇ ਹਲਕੇ ਦੇ ਸਿਆਸੀ ਸਮੀਕਰਨ ਵੀ ਅਚਾਨਕ ਬਦਲ ਗਏ ਹਨ। ਉਨ੍ਹਾਂ ਦੇ ਅਸਤੀਫ਼ੇ ਨੂੰ ਹਾਲੇ ਇੱਕ ਦਿਨ ਪਹਿਲਾਂ ਹੀ ਅਕਾਲੀ ਦਲ ਛੱਡਣ ਵਾਲੇ ਆਗੂ ਰਣਜੀਤ ਸਿੰਘ ਗਿੱਲ ਦੀ ਅਗਲੀ ਪਾਰੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
ਚੰਡੀਗੜ੍ਹ ਦੀ ਜੂਹ ਵਿੱਚ ਵਸੇ ਹਲਕਾ ਖਰੜ ਨੂੰ ਪਹਿਲੀ ਵਾਰ ਸੱਤਾਧਾਰੀ ਪਾਰਟੀ ਦਾ ਵਿਧਾਇਕ ਨਸੀਬ ਹੋਇਆ ਸੀ। ਇਸ ਵਾਰ ਵੀ ਉਹ ਹਲਕੇ ਦੀ ਪੰਜ ਸਾਲ ਨੁਮਾਇੰਦਗੀ ਨਹੀਂ ਕਰ ਸਕਿਆ ਅਤੇ ਅਨਮੋਲ ਗਗਨ ਮਾਨ ਨੇ ਅੱਧ ਵਿਚਾਲੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ। ਭਾਵੇਂ ਹਲਕੇ ਦੀ ਸਿਆਸਤ ਵਿੱਚ ਇਹ ਹਲਚਲ ਕੁਝ ਦਿਨਾਂ ਤੋਂ ਲਗਾਤਾਰ ਗੁਪਤ ਤੌਰ ’ਤੇ ਚੱਲਦੀ ਆ ਰਹੀ ਸੀ ਅਤੇ ਅਸਤੀਫ਼ਿਆਂ ਵਾਲੇ ਦੋਵੇਂ ਆਗੂਆਂ ਅਨਮੋਲ ਗਗਨ ਮਾਨ ਤੇ ਰਣਜੀਤ ਸਿੰਘ ਗਿੱਲ ਦੀਆਂ ਹੋਰਨਾ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗਾਂ ਹੋਣ ਦੇ ਚਰਚੇ ਸਨ। ਰਣਜੀਤ ਗਿੱਲ ਦੇ ਅਕਾਲੀ ਦਲ ਤੋਂ ਸ਼ੁੱਕਰਵਾਰ ਨੂੰ ਦਿੱਤੇ ਅਸਤੀਫ਼ੇ ਕਾਰਨਾਂ ਸਬੰਧੀ ਅੱਜ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੇ ਕਾਫ਼ੀ ਕੁਝ ਸਾਫ਼ ਕਰ ਦਿੱਤਾ ਹੈ। ਦੋ ਵਾਰ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਨ ਵਾਲੇ ਰਣਜੀਤ ਸਿੰਘ ਗਿੱਲ ਨੂੰ ਹੁਣ ਛੇਤੀ ਹੀ ਨਵੀਂ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਵਜੋਂ ਦੇਖਿਆ ਜਾ ਰਿਹਾ ਹੈ। ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੇ ਉਨ੍ਹਾਂ ਦਾ ਡਟ ਕੇ ਸਾਥ ਦੇਣ ਵਾਲੇ ਵਾਲੰਟੀਅਰਾਂ ਤੇ ਪਾਰਟੀ ਆਗੂਆਂ ਨੂੰ ਹੈਰਾਨ ਕਰ ਦਿੱਤਾ ਹੈ। ਪਾਰਟੀ ਵਾਲੰਟੀਅਰ ਵੱਖੋ -ਵੱਖਰੀਆਂ ਕਿਆਸਰਾਈਆਂ ਲਗਾ ਰਹੇ ਹਨ।
ਵਿਧਾਇਕਾ ਅਨਮੋਲ ਗਗਨ ਮਾਨ ਨੇ ਜਿੱਥੇ ਆਪਣੇ ਐਕਸ ਖਾਤੇ ‘ਤੇ ‘ਦਿਲ ਭਾਰੀ ਹੈ’ ਤੋਂ ਸ਼ੁਰੂ ਕਰਕੇ ਪਾਰਟੀ ਨੂੰ ਸ਼ੁਭਕਾਮਨਾਵਾਂ ਨਾਲ ਗੱਲ ਖਤਮ ਕੀਤੀ ਹੈ ਉੱਥੇ ਰਣਜੀਤ ਸਿੰਘ ਗਿੱਲ ਨੇ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਤੋਂ ਤੁਰੰਤ ਬਾਅਦ ਆਪਣੇ ਐਕਸ ‘ਤੇ ਟਵੀਟ ਕਰਦਿਆਂ ਲਿਖਿਆ ‘ਹੁਣ ਸਮਾਂ ਆ ਗਿਆ ਜੋ ਵੀ ਹਲਕਾ ਨਿਵਾਸੀਆਂ, ਪੰਜਾਬ,ਪੰਜਾਬੀਅਤ ਅਤੇ ਦੇਸ਼ਹਿੱਤ ਲਈ ਉਚਿਤ ਹੋਵੇਗਾ,ਓਹੀ ਨਿਰਣਾ ਲਿਆ ਜਾਵੇਗਾ।’ ਸਥਿਤੀ ਨੂੰ ਸਪਸ਼ਟ ਕਰਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਗਗਨ ਮਾਨ ਦੇ ਅਸਤੀਫ਼ੇ ਬਾਰੇ ਸੋਸ਼ਲ ਮੀਡੀਆ ’ਤੇ ਵੀ ਪ੍ਰਤੀਕਿਰਿਆ ਦਿੱਤੀ ਹੈ।