ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਚੰਡੀਗੜ੍ਹ ਵਿੱਚ 15 ਜੂਨ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦੀ ਸ਼ੁਰੂਆਤ ਕੀਤੀ ਜਾਵੇਗੀ, ਜੋ ਕਿ 14 ਜੁਲਾਈ ਤੱਕ ਜਾਰੀ ਰਹੇਗੀ। ਇਹ ਪ੍ਰਗਟਾਵਾ ਚੰਡੀਗੜ੍ਹ ਦੀ ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਇਸ ਮੌਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ, ਚੋਣ ਰਜਿਸਟਰੇਸ਼ਨ ਅਧਿਕਾਰੀ ਅਮਨਦੀਪ ਸਿੰਘ ਭੱਟੀ, ਸੰਯੁਕਤ ਮੁੱਖ ਚੋਣ ਅਧਿਕਾਰੀ ਸੌਰਭ ਕੁਮਾਰ ਅਰੋੜਾ, ਨੋਡਲ ਅਫ਼ਸਰ ਨਵੀਨ ਅਤੇ ਰਾਜੀਵ ਤਿਵਾਰੀ ਵੀ ਮੌਜੂਦ ਰਹੇ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਮੌਜੂਦਾ ਸਮੇਂ 5.16 ਲੱਖ ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ, ਜਦੋਂ ਕਿ ਬਾਕੀਆਂ ਵੋਟਰਾਂ ਦੀ ਮੈਪਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸ ਆਈ ਆਰ ਦੌਰਾਨ ਬੀ ਐੱਲ ਓਜ਼ ਵੱਲੋਂ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਫਾਰਮ ਭਰੇ ਜਾਣਗੇ। ਜਿਨ੍ਹਾਂ ਘਰਾਂ ਨੂੰ ਤਾਲਾ ਲੱਗਾ ਹੋਵੇਗਾ, ਉੱਥੇ ਬੂਥ ਲੈਵਲ ਅਫ਼ਸਰ ਫਾਰਮ ਛੱਡ ਦੇਣਗੇ ਅਤੇ ਇਕੱਤਰੀਕਰਨ ਲਈ ਅਲੱਗ-ਅਲੱਗ ਤਰੀਕਾਂ ’ਤੇ ਘੱਟੋ-ਘੱਟ ਤਿੰਨ ਵਾਰ ਫਾਲੋਅੱਪ ਦੌਰੇ ਕਰਨਗੇ। ਉਨ੍ਹਾਂ ਕਿਹਾ ਕਿ ਭਰੇ ਹੋਏ ਗਣਨਾ ਫਾਰਮ ਆਪਣੇ ਸਬੰਧਤ ਬੂਥ ਲੈਵਲ ਅਫ਼ਸਰ ਨੂੰ ਜਮ੍ਹਾਂ ਕਰਵਾ ਸਕਦੇ ਹਨ ਜਾਂ ਈ ਸੀ ਆਈ ਐੱਨ ਈ ਟੀ ਮੋਬਾਈਲ ਐਪ ਅਤੇ ਵੋਟਰਸ ਸਰਵਿਸ ਪੋਰਟਲ ਰਾਹੀਂ ਵੀ ਦਿੱਤਾ ਜਾ ਸਕਦੇ ਹਨ।
ਚੰਡੀਗੜ੍ਹ ਦੀ ਮੁੱਖ ਚੋਣ ਅਧਿਕਾਰੀ ਨੇ ਸਾਰੇ ਵੋਟਰਾਂ, ਰਾਜਨੀਤਿਕ ਦਲਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਵਿੱਦਿਅਕ ਸੰਸਥਾਵਾਂ ਅਤੇ ਹੋਰਨਾਂ ਲੋਕਾਂ ਨੂੰ ਐੱਸ ਆਈ ਆਰ ਦੌਰਾਨ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵੋਟਰ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ 1950 ’ਤੇ ਸੰਪਰਕ ਕਰ ਸਕਦਾ ਹੈ।

