ਮੁਕੇਸ਼ ਕੁਮਾਰ
ਚੰਡੀਗੜ੍ਹ, 26 ਫਰਵਰੀ
ਇੱਥੇ ਸੈਕਟਰ 16 ਸਥਿਤ ਜ਼ਾਕਿਰ ਰੋਜ਼ ਗਾਰਡਨ ਵਿੱਚ ਵੰਨ ਸੁਵੰਨੇ ਫੁੱਲਾਂ ਦੀਆਂ ਮਹਿਕਾਂ ਬਿਖੇਰਦਾ ਹੋਇਆ 49ਵਾਂ ਸਾਲਾਨਾ ਗੁਲਾਬ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਗੁਲਾਬ ਮੇਲੇ ਦਾ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਇਸ ਸਾਲ ਕਰੋਨਾ ਲਾਗ ਦੀ ਬਿਮਾਰੀ ਕਾਰਨ ਗੁਲਾਬ ਮੇਲੇ ਨੂੰ ਪ੍ਰਤੀਕ ਦੇ ਤੌਰ ’ਤੇ ਹੀ ਲਗਾਇਆ ਗਿਆ ਹੈ।
ਮੇਲੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਨਹੀਂ ਕਰਵਾਏ ਜਾ ਰਹੇ ਅਤੇ ਇੱਥੇ ਅੱਜ ਕੀਤੇ ਗਏ ਉਦਘਾਟਨ ਪ੍ਰੋਗਰਾਮ ਵਿੱਚ ਵੀ ਬਹੁਤ ਹੀ ਘੱਟ ਮਹਿਮਾਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ। ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਇਸ ਸਾਲ ਗੁਲਾਬ ਮੇਲਾ ਕਰੋਨਾ ਯੋਧਿਆਂ ਨੂੰ ਸਮਰਪਿਤ ਕੀਤਾ ਹੈ। ਰੋਜ਼ ਗਾਰਡਨ ਦਾ ਮੁੱਖ ਸਵਾਗਤੀ ਗੇਟ ਵੀ ਕਰੋਨਾ ਯੋਧਿਆਂ ਨੂੰ ਸਮਰਪਿਤ ਕੀਤਾ ਗਿਆ ਹੈ। ਮੇਲੇ ਦੇ ਪਹਿਲੇ ਦਿਨ ਅੱਜ ਪਹਿਲਾਂ ਵਾਲੀ ਰੌਣਕ ਦੇਖਣ ਨੂੰ ਨਹੀਂ ਮਿਲੀ। ਅੱਜ ਇੱਥੇ ਪੁੱਜੇ ਦਰਸ਼ਕਾਂ ਨੇ ਗੁਲਾਬ ਮੇਲੇ ਦੌਰਾਨ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਘਾਟ ਮਹਿਸੂਸ ਕੀਤੀ। ਇਸ ਵਾਰ ਇੱਥੇ ਵੱਖ ਵੱਖ ਕਿਸਮਾਂ ਦੇ ਫੁੱਲਾਂ ਨਾਲ ਤਿਆਰ ਕੀਤੇ ਗਏ ਭਾਂਤ ਭਾਂਤ ਦੇ ਪੁਤਲੇ ਅਤੇ ਹੋਰ ਸਜਾਵਟ ਹੀ ਖਾਸ ਖਿੱਚ ਦਾ ਕੇਂਦਰ ਹਨ। ਅੱਜ ਗੁਲਾਬ ਮੇਲੇ ਦੇ ਉਦਘਾਟਨ ਦੇ ਮੌਕੇ ’ਤੇ ਇੱਥੋਂ ਦੇ ਮੇਅਰ ਰਵੀ ਕਾਂਤ ਸ਼ਰਮਾ ਸਮੇਤ ਨਿਗਮ ਕੌਂਸਲਰ ਤੇ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਤਿੰਨ ਦਿਨ ਤੱਕ ਚੱਲਣ ਵਾਲੇ ਇਸ ਗੁਲਾਬ ਮੇਲੇ ਦੇ 28 ਫਰਵਰੀ ਨੂੰ ਸਮਾਪਤੀ ਸਮਾਗਮ ਵਿਖੇ ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਣਗੇ। ਸਮਾਪਤੀ ਸਮਾਗਮ ਦੌਰਾਨ ਸ਼ਹਿਰ ਵਿੱਚ ਕਰੋਨਾ ਕਾਲ ਦੌਰਾਨ ਸਲਾਘਾਂ ਯੋਗ ਕਾਰਜ ਕਰਨ ਵਾਲੇ ਲੋਕਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ‘ਕਰੋਨਾ ਯੋਧਾ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ।