ਆਤਿਸ਼ ਗੁਪਤਾ
ਚੰਡੀਗੜ੍ਹ, 6 ਦਸੰਬਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ 16 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਚਾਰ ਉਮੀਦਵਾਰ ਨਿੱਤਰੇ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਤਿੰਨ, ਸਕੱਤਰ ਲਈ ਦੋ, ਖਜ਼ਾਨਚੀ ਲਈ ਤਿੰਨ, ਲਾਇਬ੍ਰੇਰੀ ਸਕੱਤਰ ਲਈ ਦੋ ਅਤੇ ਸੰਯੁਕਤ ਸਕੱਤਰ (ਔਰਤਾਂ) ਲਈ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਾਰ ਪ੍ਰਧਾਨਗੀ ਲਈ ਨੀਰਜ ਹੰਸ, ਕਰਨਦੀਪ ਸਿੰਘ ਖੁੱਲਰ, ਸ਼ਾਲਿਨੀ ਕੁਮਾਰੀ ਤੇ ਸ਼ੰਕਰ ਗੁਪਤਾ ਆਪਣੀ ਕਿਸਮਤ ਅਜ਼ਮਾ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨਗੀ ਦੇ ਉਮੀਦਵਾਰ ਨੀਰਜ ਹੰਸ ਨੇ ਬਾਰ ਚੋਣਾਂ ਵਿੱਚ ਕਾਰਜਕਾਰਨੀ ਮੈਂਬਰ ਦੀ ਚੋਣ ਜਿੱਤ ਕੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਕ ਵਾਰ ਖਜ਼ਾਨਚੀ ਅਤੇ ਦੋ ਵਾਰ ਸਕੱਤਰ ਚੁਣੇ ਗਏ ਹਨ। ਕਰਨਦੀਪ ਸਿੰਘ ਖੁੱਲਰ ਵੀ ਬਾਰ ਵਿੱਚ ਮੀਤ ਪ੍ਰਧਾਨ ਅਤੇ ਸ਼ੰਕਰ ਗੁਪਤਾ ਪਹਿਲਾਂ ਇਕ ਵਾਰ ਬਾਰ ਦੇ ਪ੍ਰਧਾਨ ਅਤੇ ਇਕ ਵਾਰ ਮੀਤ ਪ੍ਰਧਾਨ ਰਹਿ ਚੁੱਕੇ ਹਨ। ਇਸੇ ਤਰ੍ਹਾਂ ਸ਼ਾਲਿਨੀ ਕੁਮਾਰੀ ਇਕ ਵਾਰ ਕਾਰਜਕਾਰਨੀ ਮੈਂਬਰ ਰਹਿ ਚੁੱਕੀ ਹਨ।
ਬਾਰ ਚੋਣਾਂ ਵਿੱਚ ਮੀਤ ਪ੍ਰਧਾਨ ਲਈ ਪ੍ਰਤਿਭਾ ਭੰਡਾਰੀ, ਰਜਤ ਬਕਸ਼ੀ, ਸੁਖਵਿੰਦਰ ਸਿੰਘ, ਸਕੱਤਰ ਲਈ ਦੀਪਨ ਸ਼ਰਮਾ ਤੇ ਭੁਪਿੰਦਰ ਰਾਣਾ, ਖਜ਼ਾਨਚੀ ਲਈ ਅਮਨਦੀਪ ਸਿੰਘ, ਮੋਹਿਤ ਦਹੀਆ ਤੇ ਵਿਜੈ ਅਗਰਵਾਲ, ਲਾਇਬ੍ਰੇਰੀ ਸਕੱਤਰ ਲਈ ਦਤਿੰਦਰ ਸ਼ਰਮਾ ਅਤੇ ਗੁਰਦੇਵ ਸਿੰਘ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾ ਰਹੇ ਹਨ। ਸੰਯੁਕਤ ਸਕੱਤਰ (ਔਰਤਾਂ) ਦੇ ਅਹੁਦੇ ਲਈ ਸੋਨੀਆ ਕੌਸ਼ਿਕ, ਸਿਮਰਨਜੀਤ ਕੌਰ ਅਤੇ ਸੁਰਿੰਦਰ ਪਾਲ ਕੌਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ 10 ਸਾਲ ਤੋਂ ਵੱਧ ਤਜਰਬੇ ਵਾਲੇ ਕਾਰਜਕਾਰੀ ਮੈਂਬਰਾਂ ਵਿੱਚ ਸੰਦੀਪ ਸ਼ਰਮਾ ਤੇ ਵਰੁਣ ਜਸਵਾਲ ਅਤੇ 10 ਸਾਲ ਤੋਂ ਘੱਟ ਵਿੱਚ ਪਰੀਤੀਸ਼ ਗੋਇਲ, ਪਰਗੁਣ ਜਸੂਜਾ, ਅਨਮੋਲ ਰਤਨ ਸਿੰਘ ਢਿੱਲੋਂ, ਨਰੇਸ਼ ਆਨੰਦ ਅਤੇ ਸੁਨੀਤ ਕੁਮਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਰਿਟਰਨਿੰਗ ਅਫ਼ਸਰ ਐਡਵੋਕੇਟ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਾਰ ਚੋਣਾਂ ਲਈ ਵੋਟਾਂ 16 ਦਸੰਬਰ ਨੂੰ ਸਵੇਰੇ 9.30 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।