ਪੁੱਡਾ ਦੇ ਸਾਬਕਾ ਅਧਿਕਾਰੀ ਨੇ ਸੀਵਰੇਜ ਲਾਈਨਾਂ ’ਤੇ ਸਵਾਲ ਚੁੱਕੇ
ਪਾਈਪ ’ਤੇ ਸਹੀ ਢੰਗ ਨਾਲ ਮਿੱਟੀ ਨਾ ਪਾਉਣ ਦੇ ਦੋਸ਼; ਉੱਚ ਅਧਿਕਾਰੀਆਂ ਦਾ ਦਖ਼ਲ ਮੰਗਿਆ
ਸਮਾਜ ਸੇਵੀ ਆਗੂ ਅਤੇ ਪੁੱਡਾ ਦੇ ਸੇਵਾਮੁਕਤ ਐਕਸੀਅਨ ਇੰਜਨੀਅਰ ਐੱਨ ਐੱਸ ਕਲਸੀ ਨੇ ਜਨ ਸਿਹਤ ਵਿਭਾਗ ਵੱਲੋਂ ਮੁਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਬਲਾਕ ਹੋ ਚੁੱਕੀਆਂ ਸੀਵਰ ਲਾਈਨਾਂ ਦੀ ਥਾਂ ’ਤੇ ਨਵੀਆਂ ਪਾਈਆਂ ਜਾ ਰਹੀਆਂ ਪਾਈਪਾਂ ਲਾਈਨਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਈਪ ਪਾਏ ਜਾਣ ਤੋਂ ਬਾਅਦ ਠੀਕ ਢੰਗ ਨਾਲ ਮਿੱਟੀ ਦੀ ਭਰਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਬੰਧਿਤ ਥਾਂ ਦਬ ਜਾਂਦੀ ਹੈ ਅਤੇ ਤਰੇੜਾਂ ਪੈ ਜਾਂਦੀਆਂ ਹਨ। ਉਨ੍ਹਾਂ ਕਿਹਾ ਫੇਜ਼ 7 ਦੇ ਚੌਕ ਤੋਂ ਐੱਚ ਐੱਮ ਦੇ ਮਕਾਨਾਂ ਦੇ ਸਾਹਮਣੇ ਤੋਂ ਚਾਵਲਾ ਚੌਕ ਤੋਂ ਰੋਜ਼ ਗਾਰਡਨ ਤੱਕ ਖੁਦਾਈ ਕਰਕੇ ਪਾਈਪਾਂ ਪਾ ਦਿੱਤੀਆਂ ਗਈਆਂ ਹਨ ਪਰੰਤੂ ਨਵੀਂ ਪਾਈਪ ਪਾਉਣ ਤੋਂ ਬਾਅਦ ਉਸ ਦੀ ਜਿਹੜੀ ਬੈਕਫਿਲਿੰਗ ਕੀਤੀ ਗਈ ਹੈ ਉਹ ਠੀਕ ਢੰਗ ਨਾਲ ਨਹੀਂ ਕੀਤੀ ਗਈ। ਇਸੇ ਤਰ੍ਹਾਂ ਫੇਜ਼ ਫੇਜ਼ 9 ਐਚ ਆਈ ਜੀ ਦੇ ਮਕਾਨਾਂ ਦੇ ਪਿਛਲੇ ਪਾਸੇ ਤੋਂ ਕੁੰਭੜਾ ਵੱਲ ਜਾ ਰਹੀ ਸੜਕ (ਜਿਹੜੀ ਫੇਜ਼ 9 ਅਤੇ ਫੋਰਟਿਸ ਨੂੰ ਵੰਡਦੀ ਹੈ) ਵਿੱਚ ਸੀਵਰ ਪਾਈਪ ਪੈ ਰਹੀ ਹੈ ਉਸ ਵਿੱਚ ਵੀ ਪਾਈਪ ਪਾਉਣ ਤੋਂ ਬਾਅਦ ਬੈਕਫਿਲਿੰਗ ਕਰ ਦਿੱਤੀ ਗਈ ਹੈ, ਪਰ ਪਿਛਲੇ ਸਮੇਂ ਹੋਈ ਬਰਸਾਤ ਨਾਲ ਖੁਦਾਈ ਵਾਲੀ ਜਗ੍ਹਾ ਵਿੱਚ ਜਿਹੜੀ ਮਿੱਟੀ ਪਾਈ ਗਈ ਸੀ ਉਹ ਮੀਂਹ ਪੈਣ ਕਾਰਨ ਬੈਠ ਗਈ ਹੈ।
ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਦੱਸਿਆ ਕਿ ਬੈਕਫਿਲਿੰਗ ਕਰਨ ਤੋਂ ਬਾਅਦ ਸੜਕ ਬਣਾਉੁਣ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਤਾਂ ਜੋ ਬਰਸਾਤਾਂ ਵੇਲੇ ਮਿੱਟੀ ਬੈਠ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਾਈਪਾਂ ਉੱਤੇ ਮਿੱਟੀ ਦੀ ਠੀਕ ਢੰਗ ਨਾਲ ਭਰਾਈ ਕਰਾ ਕੇ ਤੁਰੰਤ ਸੜਕਾਂ ਬਣਾਈਆਂ ਜਾਣ ਤਾਂ ਕਿ ਲੋਕਾਂ ਨੂੰ ਮੁਸ਼ਕਲ ਨਾ ਆਵੇ।

