ਰਿਸ਼ਵਤ ਮੰਗਣ ਦਾ ਮਾਮਲਾ

ਸਾਬਕਾ ਥਾਣਾ ਮੁਖੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ

ਸਾਬਕਾ ਥਾਣਾ ਮੁਖੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ

ਮੁਕੇਸ਼ ਕੁਮਾਰ
ਚੰਡੀਗੜ੍ਹ, 10 ਜੁਲਾਈ

ਪੰਜ ਲੱਖ ਰੁਪਏ ਰਿਸ਼ਵਤ ਮੰਗਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰਨ ਵਾਲੀ ਮਨੀਮਾਜਰਾ ਦੀ ਸਾਬਕਾ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਪੇਸ਼ਗੀ ਜ਼ਮਾਨਤ ਅਰਜ਼ੀ ਨੂੰ ਸਥਾਨਕ ਅਦਾਲਤ ਨੇ ਰੱਦ ਕਰ ਦਿੱਤਾ ਹੈ। ਜਸਵਿੰਦਰ ਕੌਰ ਪਿਛਲੇ ਕੁਝ ਸਮੇਂ ਤੋਂ ਫ਼ਰਾਰ ਹੈ। ਊਸ ਨੇ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਆਪਣੀ ਅਰਜ਼ੀ ਦਾਖਲ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਅੱਜ ਆਪਣਾ ਪੱਖ ਰੱਖਣ ਲਈ ਕਿਹਾ ਸੀ। ਸੀਬੀਆਈ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਜੇਕਰ ਜਸਵਿੰਦਰ ਕੌਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਤਾਂ ਊਹ ਜਾਂਚ ਪ੍ਰਕਿਰਿਆ ਵਿੱਚ ਵਿਘਨ ਪਾ ਸਕਦੀ ਹੈ। ਇਸ ਮਗਰੋਂ ਅਦਾਲਤ ਨੇ ਜਸਵਿੰਦਰ ਕੌਰ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।

ਜ਼ਮਾਨਤ ਅਰਜ਼ੀ ਵਿੱਚ ਜਸਵਿੰਦਰ ਕੌਰ ਨੇ ਦਲੀਲ ਦਿੱਤੀ ਸੀ ਕਿ ਉਸ ਨੂੰ ਊਪਰੋਕਤ ਮਾਮਲੇ ਵਿੱਚ ਜਾਣਬੁੱਝ ਕੇ ਫਸਾਇਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਹਿਕਮੇ ਦੇ ਪੁਲੀਸ ਅਫਸਰ ਹੀ ਉਸ ਨੂੰ ਝੂਠੇ ਮਾਮਲੇ ’ਚ ਫਸਾਉਣ ਵਿੱਚ ਲੱਗੇ ਹੋਏ ਹਨ। ਇਸ ਬਾਰੇ ਉਨ੍ਹਾਂ ਦਲੀਲ ਦਿੱਤੀ ਸੀ ਕਿ ਉਹ ਮਹਿਕਮੇ ਵਿੱਚ ਚਲ ਰਹੀ ਕਥਿਤ ਗੁੱਟਬਾਜ਼ੀ ਵਿੱਚ ਸ਼ਾਮਲ ਨਹੀਂ ਸੀ ਅਤੇ ਨਤੀਜੇ ਵਜੋਂ ਉਸ ਨੂੰ ਫਸਾਇਆ ਗਿਆ ਹੈ। ਉਸ ਨੇ ਆਪਣੀ ਜ਼ਮਾਨਤ ਅਰਜ਼ੀ ਵਿੱਚ ਦੱਸਿਆ ਸੀ ਕਿ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਊਸ ਦਾ ਕੋਈ ਰੋਲ ਨਹੀਂ ਹੈ।

ਅਦਾਲਤ ਵਿੱਚ ਦਾਖਲ ਕੀਤੀ ਅਰਜ਼ੀ ਵਿੱਚ ਜਸਵਿੰਦਰ ਕੌਰ ਨੇ ਦੱਸਿਆ ਸੀ ਕਿ ਕਿਵੇਂ ਇੱਕ ਈਮੇਲ ਜ਼ਰੀਏ 5 ਜੂਨ ਨੂੰ ਉਸ ਕੋਲ ਇਕ ਸ਼ਿਕਾਇਤ ਆਈ ਅਤੇ ਇਸ ਤੋਂ ਬਾਅਦ ਸ਼ਿਕਾਇਤ ਅਨੁਸਾਰ ਦੋਨਾਂ ਪਾਰਟੀਆਂ ਦਰਮਿਆਨ ਪੈਸੇ ਦੇ ਲੈਣ-ਦੇਣ ਨੂੰ ਲੈਕੇ 21 ਜੂਨ ਨੂੰ ਸਮਝੌਤਾ ਹੋ ਗਿਆ। ਇਸ ਸਮਝੌਤੇ ਤੋਂ ਪੰਜ ਦਿਨ ਬਾਅਦ ਸ਼ਿਕਾਇਤਕਰਤਾ ਸੀਬੀਆਈ ਕੋਲ ਉਸ ਦੀ ਸ਼ਿਕਾਇਤ ਲੈ ਕੇ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਦੀਪ ਉੱਤੇ ਕਈ ਕੇਸ ਚੱਲ ਰਹੇ ਹਨ। ਗੁਰਦੀਪ ਦਾ ਨਾਮ ਜੇਬੀਟੀ ਅਤੇ ਪੈਸੇ ਬਦਲੇ ਨੌਕਰੀ ਦੇ ਘੁਟਾਲਿਆਂ ਵਿੱਚ ਵੀ ਜੁੜਿਆ ਹੋਇਆ ਹੈ। ਮੁਹਾਲੀ ਵਿਜੀਲੈਂਸ ਵਿੱਚ ਵੀ ਉਸ ਖ਼ਿਲਾਫ਼ ਕੇਸ ਦਰਜ ਹੈ।

ਕੇਸ ਦਾ ਵੇਰਵਾ

ਮਨੀਮਾਜਰਾ ਵਾਸੀ ਗੁਰਦੀਪ ਸਿੰਘ ਨੇ ਲੰਘੀ 26 ਜੂਨ ਨੂੰ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਕਿ 10 ਜੂਨ ਨੂੰ ਮਨੀਮਾਜਰਾ ਥਾਣੇ ਦੀ ਮੁਖੀ ਜਸਵਿੰਦਰ ਕੌਰ ਨੇ ਉਸ ਨੂੰ ਥਾਣੇ ਵਿੱਚ ਬੁਲਾਇਆ ਸੀ। ਇਸ ਦੌਰਾਨ ਉਸ ਉੱਤੇ ਰਣਧੀਰ ਸਿੰਘ ਨਾਮ ਦੇ ਵਿਅਕਤੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ 27 ਲੱਖ ਰੁਪਏ ਲੈਣ ਦਾ ਦੋਸ਼ ਲਗਾਇਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਔਰਤ ਨੂੰ ਨੌਕਰੀ ਨਹੀਂ ਦਿਵਾਈ ਗਈ। ਗੁਰਦੀਪ ਸਿੰਘ ਨੇ ਸੀਬੀਆਈ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਇਸ ਮਾਮਲੇ ਵਿੱਚ ਇੰਸਪੈਕਟਰ ਜਸਵਿੰਦਰ ਕੌਰ ਨੇ ਉਸ ਉੱਤੇ ਕੇਸ ਦਰਜ ਨਾ ਕਰਨ ਬਦਲੇ ਪੰਜ ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ। ਪੰਜ ਲੱਖ ਵਿੱਚੋਂ ਪਹਿਲੀ ਕਿਸ਼ਤ ਗੁਰਦੀਪ ਨੇ ਇੱਕ ਵਿਚੋਲੇ ਭਗਵਾਨ ਸਿੰਘ ਨੂੰ ਸੰਗਰੂਰ ਵਿੱਚ ਦੇ ਦਿੱਤੀ ਸੀ ਪਰ ਇਸ ਤੋਂ ਬਾਅਦ ਜਦੋਂ ਉਹ ਦੂਜੀ ਕਿਸ਼ਤ 29 ਜੂਨ ਦੀ ਰਾਤ ਨੂੰ ਦੇਣ ਲਈ ਪਹੁੰਚਿਆ ਤਾਂ ਉਥੇ ਟਰੈਪ ਲਗਾ ਕੇ ਸੀਬੀਆਈ ਨੇ ਭਗਵਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਅਗਲੇ ਦਿਨ ਹੀ ਇੰਸਪੈਕਟਰ ਜਸਵਿੰਦਰ ਕੌਰ ਫਰਾਰ ਹੋ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All