ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਅਗਸਤ
ਸਾਬਕਾ ਕਾਂਗਰਸੀ ਮੰਤਰੀ ਤੇ ‘ਆਪ’ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਨਾਉਣ ’ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਮਾਨਦਾਰ ਤੇ ਮਿਹਨਤੀਆਂ ਨੂੰ ਛੱਡ ਭ੍ਰਿਸ਼ਟਾਚਾਰੀਆਂ ਨੂੰ ਅਹੁਦੇ ਦੇਣ ਲੱਗੀ ਹੋਈ ਹੈ।ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰੋਂ ਈਡੀ ਨੇ ਕਰੋੜਾਂ ਰੁਪਏ ਬਰਾਮਦ ਕੀਤੇ ਸਨ। ਪੰਜਾਬ ਵਿਜੀਲੈਂਸ ਬਿਊਰੋ ਵੀ ਚੰਨੀ ਨੂੰ ਤਲਬ ਕਰ ਚੁੱਕੀ ਹੈ। ਇਸ ਦੇ ਬਾਵਜੂਦ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਆਗੂ ਕਾਂਗਰਸ ਨੂੰ ਅਲਵਿਦਾ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਕਰਕੇ ਹੀ ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਜਤਿਨ ਪ੍ਰਸਾਦ, ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਪਾਰਟੀ ਛੱਡ ਗਏ ਹਨ।