ਅੰਬਾਲਾ-ਚੰਡੀਗੜ੍ਹ ਰੇਲਮਾਰਗ ’ਤੇ ਤੀਜੀ-ਚੌਥੀ ਲਾਈਨ ਲਈ ਐਫ਼ਐਲਐਸ ਮਨਜ਼ੂਰ: ਵਿੱਜ
ਡੇਰਾਬਸੀ-ਜ਼ੀਰਕਪੁਰ ਬਾਈਪਾਸ ਤੱਕ 10 ਕਿਮੀ ਐਲੀਵੇਟਿਡ ਸੜਕ ਪ੍ਰਾਜੈਕਟ ਨੂੰ ਵੀ ਹਰੀ ਝੰਡੀ
ਅੰਬਾਲਾ-ਚੰਡੀਗੜ੍ਹ ਰੇਲਮਾਰਗ ’ਤੇ ਤੀਜੀ ਅਤੇ ਚੌਥੀ ਰੇਲ ਲਾਈਨ ਵਿਛਾਉਣ ਲਈ ਰੇਲਵੇ ਵੱਲੋਂ “ਫਾਈਨਲ ਲੋਕੇਸ਼ਨ ਸਰਵੇ” (ਐਫ਼ਐਲਐਸ) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ’ਤੇ ਰੇਲ ਮੰਤਰਾਲੇ ਨੇ ਸਕਾਰਾਤਮਕ ਕਾਰਵਾਈ ਕਰਦਿਆਂ ਸਰਵੇ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ ਹੈ। ਉਨ੍ਹਾਂ ਨੇ ਇਸ ਮਨਜ਼ੂਰੀ ਲਈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ।
ਸ੍ਰੀ ਵਿੱਜ ਨੇ ਕਿਹਾ ਕਿ ਅੰਬਾਲਾ ਛਾਉਣੀ ਤੋਂ ਚੰਡੀਗੜ੍ਹ ਤੱਕ ਹਜ਼ਾਰਾਂ ਕਰਮਚਾਰੀ, ਵਿਦਿਆਰਥੀ ਅਤੇ ਵਪਾਰੀ ਆਉਂਦੇ ਜਾਂਦੇ ਹਨ। ਮੌਜੂਦਾ ਦੋ ਲਾਈਨਾਂ ’ਤੇ ਟਰੇਨਾਂ ਦਾ ਭਾਰੀ ਦਬਾਅ ਹੈ। ਨਵੀਆਂ ਲਾਈਨਾਂ ਬਣਨ ਨਾਲ ਹਰਿਆਣਾ, ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਦੇ ਲੱਖਾਂ ਯਾਤਰੀਆਂ ਨੂੰ ਸਸਤਾ ਅਤੇ ਸੁਰੱਖਿਅਤ ਸਫ਼ਰ ਮਿਲੇਗਾ ਤੇ ਨਾਲ ਹੀ ਸੜਕਾਂ ’ਤੇ ਟ੍ਰੈਫ਼ਿਕ ਭਾਰ ਘਟੇਗਾ।
ਇਸ ਤੋਂ ਇਲਾਵਾ, ਡੇਰਾਬਸੀ ਤੋਂ ਜ਼ੀਰਕਪੁਰ ਬਾਈਪਾਸ ਤੱਕ ਲਗਪਗ 10 ਕਿਲੋਮੀਟਰ ਲੰਬੀ ਐਲੀਵੇਟਿਡ ਸੜਕ ਬਣਾਈ ਜਾਵੇਗੀ, ਜਿਸ ’ਤੇ ਕਰੀਬ 1464 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਪ੍ਰਾਜੈਕਟ ਅੰਬਾਲਾ-ਮੁਹਾਲੀ ਹਾਈਵੇਅ ਤੋਂ ਸ਼ੁਰੂ ਹੋ ਕੇ ਸਿੱਧਾ ਜ਼ੀਰਕਪੁਰ ਬਾਈਪਾਸ ਨਾਲ ਜੁੜੇਗਾ।

