ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉਡਾਣਾਂ ਦੀ ਸਥਿਤੀ 10 ਦਸੰਬਰ ਤਕ ਆਮ ਵਾਂਗ ਹੋ ਜਾਵੇਗੀ: ਇੰਡੀਗੋ

ਇੰਡੀਗੋ ਵਲੋਂ 650 ਉਡਾਣਾਂ ਰੱਦ; 7 ਦਸੰਬਰ ਨੂੰ ਆਪਣੀਆਂ 2,300 ਰੋਜ਼ਾਨਾ ਉਡਾਣਾਂ ਵਿੱਚੋਂ 1,650 ੳੁਡਾਣਾਂ ਚਲਾਏਗੀ ਇੰਡੀਗੋ
Advertisement

ਇੰਡੀਗੋ ਦਾ ਸੰਕਟ ਅੱਜ ਐਤਵਾਰ ਵਾਲੇ ਦਿਨ ਵੀ ਘੱਟ ਨਾ ਹੋਇਆ। ਇਸ ਏਅਰਲਾਈਨ ਨੇ ਅੱਜ 650 ਉਡਾਣਾਂ ਰੱਦ ਕੀਤੀਆਂ। ਇੰਡੀਗੋ ਨੇ ਕਿਹਾ ਕਿ ਉਹ 7 ਦਸੰਬਰ ਨੂੰ ਆਪਣੀਆਂ ਕੁੱਲ 2,300 ਰੋਜ਼ਾਨਾ ਉਡਾਣਾਂ ਵਿੱਚੋਂ 1,650 ਚਲਾਏਗੀ। ਏਅਰਲਾਈਨ ਨੇ ਇਹ ਵੀ ਕਿਹਾ ਕਿ 10 ਦਸੰਬਰ ਤੱਕ ਸਥਿਤੀ ਆਮ ਵਾਂਗ ਹੋਣ ਦੀ ਉਮੀਦ ਹੈ। ਇਸ ਏਅਰਲਾਈਨ ਨੇ ਅੱਜ ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ’ਤੇ 220 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕੋਲਕਾਤਾ ਵਿਚ 76 ਉਡਾਣਾਂ ਰੱਦ ਕੀਤੀਆਂ ਗਈਆਂ ਹਨ ਤੇ ਅਹਿਮਦਾਬਾਦ ਵਿਚ 21 ਉਡਾਣਾਂ ਰੱਦ ਹੋਈਆਂ ਹਨ। ਹੈਦਰਾਬਾਦ ਵਿਚ 61 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਅਗਰਤਲਾ ਵਿਚ ਨੌਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਇੰਡੀਗੋ ਦੀਆਂ ਵੱਡੀ ਪੱਧਰ ’ਤੇ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਹੋ ਰਹੀ ਹੈ ਤੇ ਉਹ ਹਵਾਈ ਅੱਡਿਆਂ ’ਤੇ ਖੱਜਲ ਖੁਆਰ ਹੋ ਰਹੇ ਹਨ। ਇਸ ਤੋਂ ਬਾਅਦ ਬੀਤੇ ਕੱਲ੍ਹ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੰਡੀਗੋ ਨੂੰ ਰੱਦ ਕੀਤੀਆਂ ਉਡਾਣਾਂ ਦਾ ਐਤਵਾਰ 7 ਦਸੰਬਰ ਰਾਤ 8 ਵਜੇ ਤੱਕ ਯਾਤਰੀਆਂ ਨੂੰ ਰਿਫੰਡ ਦੇਣ ਦਾ ਹੁਕਮ ਦਿੱਤਾ ਸੀ। ਏਅਰਲਾਈਨ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਤੋਂ ਲਿਆ ਗਿਆ ਸਾਰਾ ਸਾਮਾਨ (ਬੈਗ) ਅਗਲੇ 48 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਵੇ।

Advertisement

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਵੱਲੋਂ ਵੱਡੇ ਪੱਧਰ ’ਤੇ ਉਡਾਣਾਂ ਰੱਦ ਕਰਨ ਤੋਂ ਬਾਅਦ ਮੰਤਰਾਲੇ ਨੇ ਕਿਹਾ ਸੀ ਕਿ ਰਿਫੰਡ ਪ੍ਰਕਿਰਿਆ ਵਿੱਚ ਕਿਸੇ ਵੀ ਦੇਰੀ ਜਾਂ ਪਾਲਣਾ ਨਾ ਕਰਨ ’ਤੇ ਤੁਰੰਤ ਰੈਗੂਲੇਟਰੀ ਕਾਰਵਾਈ ਕੀਤੀ ਜਾਵੇਗੀ। ਏਅਰਲਾਈਨਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਉਨ੍ਹਾਂ ਯਾਤਰੀਆਂ ਲਈ ਕੋਈ ਵੀ ਰਿਸ਼ਡਿਊਲਿੰਗ ਚਾਰਜ ਨਾ ਲਗਾਉਣ ਜਿਨ੍ਹਾਂ ਦੀਆਂ ਹਵਾਈ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇੰਡੀਗੋ ਦੀਆਂ ਸ਼ਨਿਚਰਵਾਰ ਨੂੰ ਵੱਖ-ਵੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੰਤਰਾਲੇ ਨੇ ਕਿਹਾ ਕਿ ਏਅਰਲਾਈਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਡਾਣ ਰੱਦ ਹੋਣ ਜਾਂ ਦੇਰੀ ਕਾਰਨ ਯਾਤਰੀਆਂ ਤੋਂ ਵੱਖ ਕੀਤੇ ਗਏ ਸਮਾਨ ਦਾ ਪਤਾ ਲਗਾਇਆ ਜਾਵੇ ਅਤੇ ਅਗਲੇ 48 ਘੰਟਿਆਂ ਦੇ ਅੰਦਰ ਇਹ ਸਾਮਾਨ ਯਾਤਰੀਆਂ ਕੋਲ ਪਹੁੰਚਾਇਆ ਜਾਵੇ। ਸੂਤਰਾਂ ਨੇ ਦੱਸਿਆ ਕਿ ਅੱਜ ਮੁੰਬਈ ਹਵਾਈ ਅੱਡੇ ’ਤੇ ਘੱਟੋ-ਘੱਟ 112 ਅਤੇ ਦਿੱਲੀ ਹਵਾਈ ਅੱਡੇ ’ਤੇ 109 ਉਡਾਣਾਂ ਰੱਦ ਕੀਤੀਆਂ ਗਈਆਂ।

Advertisement
Tags :
#IndiGo #FlightCancellations #AviationCrisis #AirTravel #DGCA #PassengerRights #DelhiAirport #MumbaiAirport
Show comments