ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਕੱਚੇ ਕਾਮਿਆਂ ਨੇ ਅੱਜ ਥਰਮਲ ਦੇ ਮੁੱਖ ਗੇਟ ’ਤੇ ਰੈਲੀ ਕੀਤੀ। ਜਥੇਬੰਦੀ ਨੇ ਅੱਜ ਥਰਮਲ ਪਲਾਂਟ ਤੋਂ ਘਨੌਲੀ ਕਸਬੇ ਤੱਕ ਝੰਡਾ ਮਾਰਚ ਕੀਤਾ ਜੋ ਘਨੌਲੀ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਵਾਪਸ ਮੁੜ ਪਲਾਂਟ ਦੇ ਮੁੱਖ ਗੇਟ ’ਤੇ ਸਮਾਪਤ ਹੋਇਆ। ਸਿਮਰਨਜੀਤ ਸਿੰਘ ਨੀਲੋਂ ਦੀ ਪ੍ਰਧਾਨਗੀ ਹੇਠ ਕੀਤੀ ਰੋਸ ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੁਝ ਅਧਿਕਾਰੀਆਂ/ ਕਰਮਚਾਰੀਆਂ ਖ਼ਿਲਾਫ਼ ਜਾਂਚ ਚੱਲ ਰਹੀ ਹੈ ਅਤੇ ਉਹ ਮੁਅੱਤਲ ਕਰ ਦਿੱਤੇ ਗਏ ਹਨ ਜਿਸ ਦਾ ਉਨ੍ਹਾਂ ਦੀ ਜਥੇਬੰਦੀ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਲਾਰਾ ਲਾ ਕੇ ਸੱਤਾ ਵਿੱਚ ਆਈ ਸਰਕਾਰ ਦਾ ਕਾਰਜਕਾਲ ਮੁੱਕਣ ਨੇੜੇ ਪੁੱਜ ਚੁੱਕਾ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ। ਇਸ ਕਰ ਕੇ ਉਨ੍ਹਾਂ ਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਹੁਣ ਕੱਚੇ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਉਣਗੇ ਤੇ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ।
ਧਰਨੇ ਨੂੰ ਪਰਗਟ ਸਿੰਘ ਘਨੌਲੀ, ਮਨਜੀਤ ਸਿੰਘ, ਸਿਮਰਨਜੀਤ ਸਿੰਘ ਨੀਲੋਂ, ਬਲਵੀਰ ਸਿੰਘ, ਬਲਵਿੰਦਰ ਸਿੰਘ ਸਸਕੌਰ, ਮਨੀਸ਼, ਗੁਰਵਿੰਦਰ ਸਿੰਘ, ਗੁਰਿੰਦਰ ਸਿੰਘ, ਅਮਨ, ਅੱਛਰਾ ਸ਼ਰਮਾ, ਜਿਤੇਂਦਰ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।

