ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੂਨ
ਸਥਾਨਕ ਪੁਲੀਸ ਨੇ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ਤੋਂ 5 ਗਰਾਮ ਹੈਰੋਇਨ ਅਤੇ ਸਾਢੇ ਚਾਰ ਕਿੱਲੋ ਗਾਂਜਾ ਬਰਾਮਦ ਕੀਤਾ ਹੈ। ਇਹ ਕਾਰਵਾਈ ਥਾਣਾ ਸੈਕਟਰ- 26 ਦੀ ਪੁਲੀਸ ਨੇ ਕੀਤੀ ਹੈ, ਜਿਨ੍ਹਾਂ ਨੇ ਸੈਕਟਰ 26 ਵਿੱਚ ਬਾਪੂ ਧਾਮ ਕਲੋਨੀ ਵਿੱਚ ਨਾਕਾਬੰਦੀ ਦੌਰਾਨ ਇਕ ਔਰਤ ਨੂੰ ਸ਼ੱਕ ਦੇ ਆਧਾਰ ਉੱਤੇ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਸੈਕਟਰ 26 ਦੀ ਪੁਲੀਸ ਨੇ ਇਸ ਔਰਤ ਕੋਲੋਂ ਬਰਾਮਦ ਹੈਰੋਇਨ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਈਡਬਲਿਊਐੱਸ ਕਲੋਨੀ ਦੇ ਨਜ਼ਦੀਕ ਤੋਂ ਇਕ ਨੌਜਵਾਨ 4.450 ਕਿਲੋ ਗਾਂਜਾ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਸਾਹਿਲ ਵਾਸੀ ਧਨਾਸ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਰਾਈਮ ਸੈੱਲ ਦੀ ਟੀਮ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਾਰੰਗਪੁਰ ਵਿਖੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।