ਹਰਜੀਤ ਸਿੰਘ
ਜ਼ੀਰਕਪੁਰ, 20 ਜਨਵਰੀ
ਮਾਈਨਿੰਗ ਵਿਭਾਗ ਦੇ ਅਧਿਕਾਰੀ ਦੱਸ ਕੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਹੇਠ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੰਗੂ ਵਾਸੀ ਪਿੰਡ ਗਾਰਦੀ (ਨੇੜੇ ਸ਼ੰਭੂ), ਰਮਨ ਕੁਮਾਰ ਵਾਸੀ ਪਿੰਡ ਪਡਿਆਲਾ, ਰਾਜੀਵ ਕੁਮਾਰ ਵਾਸੀ ਪਿੰਡ ਮੱਛਲੀ ਕਲਾਂ, ਨਰਿੰਦਰ ਸਿੰਘ ਵਾਸੀ ਪਿੰਡ ਰੈਬੇਵਾਲ (ਜ਼ਿਲ੍ਹਾ ਹੁਸ਼ਿਆਰਪੁਰ) ਅਤੇ ਮਨੋਜ ਕੁਮਾਰ ਮੱਛਲੀ ਕਲਾਂ (ਖਰੜ) ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਇਕ ਬਿਲਡਰ ਤੋਂ ਰੋਜ਼ਾਨਾ 17 ਹਜ਼ਾਰ ਰੁਪਏ ਵਸੂਲ ਰਹੇ ਸਨ।
ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਵਾਸੀ ਬਾਲਾ ਜੀ ਟਾਵਰ ਕਿਸ਼ਨਪੁਰਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰਾਇਲ ਐਸਟੇਟ ਗਰੁੱਪ ਵਿੱਚ ਬਤੌਰ ਡਾਇਰੈਕਟਰ ਹੈ। ਉਸ ਦਾ ਦਫਤਰ ਹਾਈਵੇਅ ’ਤੇ ਲੋਹਗੜ੍ਹ ਮੋੜ ’ਤੇ ਸਥਿਤ ਹੈ। ਇਥੇ ਉਸ ਵੱਲੋਂ ਓਕਸਫੋਰਡ ਦੇ ਨਾਂਅ ਹੇਠ ਕਮਰਸ਼ੀਅਲ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੀ ਸਬੰਧਤ ਵਿਭਾਗਾਂ ਤੋਂ ਸਾਰੀਆਂ ਮਨਜ਼ੂਰੀਆਂ ਲਈਆਂ ਗਈਆਂ ਹਨ। ਪ੍ਰਾਜੈਕਟ ਦੀ ਉਸਾਰੀ ਲਈ ਸਾਈਟ ’ਤੇ ਖ਼ੁਦਾਈ ਦਾ ਕੰਮ ਚੱਲ ਰਿਹਾ ਸੀ ਜਿਥੋਂ ਨਿਕਲ ਰਹੀ ਮਿੱਟੀ ਨੂੰ ਉਹ ਆਪਣੀ ਹੀ ਥਾਂ ’ਤੇ ਸੁੱਟ ਰਹੇ ਸਨ। ਇਸ ਦੌਰਾਨ ਬਲੈਰੋ ਗੱਡੀ ਵਿੱਚ ਸਵਾਰ ਉਪਰੋਕਤ ਵਿਅਕਤੀਆਂ ਵੱਲੋਂ ਆਪਣੇ ਆਪ ਨੂੰ ਮਾਈਨਿੰਗ ਵਿਭਾਗ ਦੇ ਅਧਿਕਾਰੀ ਦੱਸ ਕੇ ਇਕ ਦਿਨ ਦਾ 17 ਹਜ਼ਾਰ ਰੁਪਏ ਵਸੂਲ ਰਹੇ ਸਨ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਲੰਘੀ 12 ਜਨਵਰੀ ਤੋਂ ਹੁਣ ਤੱਕ ਕੁੱਲ ਇਕ ਲੱਖ 36 ਹਜ਼ਾਰ ਰੁਪਏ ਵਸੂਲ ਚੁੱਕੇ ਹਨ। ਮੁਲਜ਼ਮਾਂ ’ਤੇ ਸ਼ੱਕ ਹੋਣ ’ਤੇ ਉਨ੍ਹਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਗਈ। ਪੁਲੀਸ ਨੇ ਅੱਜ ਏਐੱਸਆਈ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਟਰੈਪ ਲਾਇਆ ਹੋਇਆ ਸੀ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।