ਸੈਕਟਰ-9 ਵਿੱਚ ਸ਼ਰਾਬ ਦੇ ਠੇਕੇ ’ਤੇ ਫਾਇਰਿੰਗ; ਦੋ ਕਰਿੰਦੇ ਜ਼ਖ਼ਮੀ

ਕਾਰ ਵਿੱਚ ਆਏ ਦੋ ਹਮਲਾਵਰਾਂ ਨੇ ਦਰਜਨ ਗੋਲੀਆਂ ਚਲਾਈਆਂ; ਪੁਲੀਸ ਨੇ ਕਾਰ ਬਰਾਮਦ ਕੀਤੀ

ਸੈਕਟਰ-9 ਵਿੱਚ ਸ਼ਰਾਬ ਦੇ ਠੇਕੇ ’ਤੇ ਫਾਇਰਿੰਗ; ਦੋ ਕਰਿੰਦੇ ਜ਼ਖ਼ਮੀ

ਠੇਕੇ ’ਤੇ ਵਾਪਰੀ ਘਟਨਾ ਦੀ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ।

ਆਤਿਸ਼ ਗੁਪਤਾ
ਚੰਡੀਗੜ੍ਹ, 2 ਜੂਨ

ਮੁੱਖ ਅੰਸ਼

  • ਘਟਨਾ ਵਾਲੀ ਥਾਂ ਤੋਂ ਕਾਰਤੂਸਾਂ ਦੇ 8 ਖੋਲ ਬਰਾਮਦ
  • ਜ਼ਖ਼ਮੀ ਕਰਿੰਦੇ ਸੈਕਟਰ-16 ਦੇ ਹਸਪਤਾਲ ’ਚ ਜ਼ੇਰੇ ਇਲਾਜ

ਇਥੋਂ ਦੇ ਸੈਕਟਰ-33 ਵਿੱਚ ਰਹਿੰਦੇ ਸ਼ਰਾਬ ਕਾਰੋਬਾਰੀ ਦੇ ਘਰ ’ਤੇ ਦੋ ਦਿਨ ਪਹਿਲਾਂ ਹੋਈ ਗੋਲੀਬਾਰੀ ਮਗਰੋਂ ਅੱਜ ਦੇਰ ਸ਼ਾਮ ਸੈਕਟਰ-9 ਸਥਿਤ ਸ਼ਰਾਬ ਦੇ ਠੇਕੇ ’ਤੇ ਫਾਇਰਿੰਗ ਕੀਤੀ ਗਈ। ਵੇਰਵਿਆਂ ਅਨੁਸਾਰ ਕਾਰ ਵਿੱਚ ਆਏ ਦੋ ਨੌਜਵਾਨ ਕਰੀਬ 12 ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਇਸ ਦੌਰਾਨ ਠੇਕੇ ਦੇ ਦੋ ਕਰਿੰਦੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇਲਾਕਾ ਸ਼ਹਿਰ ਦਾ ਪੌਸ਼ ਇਲਾਕਾ ਹੈ ਜਿੱਥੇ ਹਰ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪੁਲੀਸ ਨੇ ਇਸ ਘਟਨਾ ਦੇ ਸਬੰਧ ਵਿੱਚ ਇਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਘਟਨਾ ਵਾਲੀ ਥਾਂ ਤੋਂ ਕਾਰਤੂਸਾਂ ਦੇ 8 ਖੋਲ ਬਰਾਮਦ ਕੀਤੇ ਗਏ ਹਨ।

ਦੱਸਣਯੋਗ ਹੈ ਕਿ 31 ਮਈ ਦੀ ਸ਼ਾਮ ਨੂੰ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੇ ਘਰ ’ਤੇ ਕਾਰ ਸਵਾਰ ਚਾਰ ਨੌਜਵਾਨਾਂ ਨੇ ਡੇਢ ਦਰਜਨ ਗੋਲੀਆਂ ਚਲਾਈਆਂ ਸਨ ਤੇ ਫ਼ਰਾਰ ਹੋ ਗਏ ਸਨ। ਇਸ ਦੌਰਾਨ ਸ਼ਰਾਬ ਦਾ ਕਾਰੋਬਾਰੀ ਆਪਣੇ ਦੂਜੇ ਘਰ ਵਿੱਚ ਸੀ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ। ਮੌਜੂਦਾ ਮਾਮਲੇ ਸਬੰਧੀ ਜਾਂਚ ਕਰਦਿਆਂ ਪੁਲੀਸ ਨੇ ਵਾਰਦਾਤ ਵਿੱਚ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All