ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ ਦੀ ਵਿੱਤੀ ਮਦਦ
ਮਿਹਰ ਸਿੰਘ
ਕੁਰਾਲੀ, 4 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਅਤੇ ਹੋਰਨਾਂ ਗੰਭੀਰ ਬਿਮਾਰੀਆਂ ਦੇ ਇਲਾਜ ਸਬੰਧੀ ਦਿੱਤੀ ਜਾਂਦੀ ਮਾਲੀ ਮਦਦ ਸਕੀਮ ਤਹਿਤ ਅੱਜ ਐੱਸਜੀਪੀਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਵਾਰਡ ਨੰਬਰ 7 ਦੀ ਮਹਿਲਾ ਦੇ ਇਲਾਜ ਲਈ ਵਿੱਤੀ ਮਦਦ ਦਾ ਚੈੱਕ ਪਰਿਵਾਰ ਨੂੰ ਸੌਂਪਿਆ। ਇਹ ਮਾਲੀ ਮਦਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤੀ ਗਈ ਹੈ। ਸਥਾਨਕ ਵਾਰਡ ਨੰਬਰ 7 ਦੀ ਵਸਨੀਕ ਮਨਪ੍ਰੀਤ ਕੌਰ ਪਤਨੀ ਮਨਜੀਤ ਸਿੰਘ ਨੂੰ ਮਾਲੀ ਮਦਦ ਦਾ ਇੱਕ ਚੈੱਕ ਭੇਟ ਕਰਦਿਆਂ ਜਥੇਦਾਰ ਖੇੜਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਦੀ ਸੇਵਾ ਕਰਨ ਦੇ ਨਾਲ ਨਾਲ ਗੰਭੀਰ ਬਿਮਾਰੀਆਂ ਤੋਂ ਪੀੜਿਤ ਲੋਕਾਂ ਦੇ ਇਲਾਜ ਲਈ ਨਿਰੰਤਰ ਮਦਦ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਹੀ ਮਨਪ੍ਰੀਤ ਕੌਰ ਦੀ ਮਾਲੀ ਮਦਦ ਦਾ ਚੈੱਕ ਦਿੱਤਾ ਗਿਆ ਹੈ ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕਣ। ਇਸ ਮੌਕੇ ਐੱਸਜੀਪੀਸੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੌਂਸਲਰ ਬਹਾਦਰ ਸਿੰਘ ਓਕੇ ਨੇ ਜਥੇਦਾਰ ਅਜਮੇਰ ਸਿੰਘ ਖੇੜਾ ਦਾ ਧੰਨਵਾਦ ਕੀਤਾ।