ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 12 ਜੁਲਾਈ
ਰਾਜਪੁਰਾ ਪੁਲੀਸ ਵੱਲੋਂ ਬੀਤੇ ਦਿਨ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਗਾਇਕ ਗੁਰਨਾਮ ਭੁੱਲਰ ਅਤੇ ਸਹਿਯੋਗੀ ਕਲਾਕਾਰਾਂ ਨੂੰ ਕੋਵਿਡ-19 ਦੀ ਉਲੰਘਣਾ ਦੇ ਦੋਸ਼ਾਂ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦਾ ਨਾਰਥ ਜ਼ੋਨ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਅੱਜ ਮੁਹਾਲੀ ’ਚ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਅਗਵਾਈ ਹੇਠ ਮੀਟਿੰਗ ਕਰਕੇ ਸਾਰੇ ਮਾਮਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਖਲ ਦੀ ਮੰਗ ਕਰਦਿਆਂ ਦਰਜ ਕੀਤੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ।
ਪ੍ਰਧਾਨ ਗੁਰਪ੍ਰੀਤ ਘੁੱਗੀ ਅਤੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਖੁਦ ਰਾਜ ’ਚ ਅਜਿਹੀਆਂ ਸ਼ੂਟਿੰਗਾਂ ਆਰੰਭ ਕਰਨ ਦਾ ਬਿਆਨ ਦੇ ਚੁੱਕੇ ਹਨ ਤਾਂ ਕਿ ਇਸ ਖੇਤਰ ਨਾਲ ਜੁੜੇ ਹੋਏ ਰੋਜ਼ਾਨਾ ਕਮਾ ਕੇ ਖਾਣ ਵਾਲੇ ਵਰਕਰ ਭੁੱਖੇ ਨਾ ਰਹਿ ਸਕਣ ਅਤੇ ਦੂਜੇ ਪਾਸੇ ਗਾਇਕ ਤੇ ਸਹਿਯੋਗੀ ਕਲਾਕਾਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਜਿਸ ਨਾਲ ਕਲਾਕਾਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਹੋਣ ਵਾਲੇ ਰਾਜਸੀ ਪ੍ਰਦਰਸ਼ਨਾਂ ਤੇ ਇਕੱਠਾਂ ਵਿੱਚ ਕੋਵਿਡ ਦੇ ਨਿਯਮਾਂ ਦੀਆਂ ਉਡਦੀਆਂ ਧੱਜੀਆਂ ਨੂੰ ਪੁਲੀਸ ਮੂਕ ਦਰਸ਼ਕ ਬਣਕੇ ਵੇਖਦੀ ਰਹਿੰਦੀ ਹੈ ਤੇ ਕੋਈ ਕਾਰਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਲੋੜੀਂਦੀ ਮਨਜ਼ੂਰੀ ਪ੍ਰੋਡਕਸ਼ਨ ਕੰਟਰੋਲਰ ਜਾਂ ਪ੍ਰੋਡਕਸ਼ਨ ਹਾਊਸ ਨੇ ਲੈਣੀ ਹੁੰਦੀ ਹੈ ਤੇ ਇਸ ਲਈ ਗਾਇਕ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਿਨੇਮਾ ਤੇ ਟੈਲੀਵਿਜ਼ਨ ਇੰਡਸਟਰੀ ਨੂੰ ਬਚਾਉਣ ਲਈ ਗਾਇਕਾਂ ਨੂੰ ਸ਼ੂਟਿੰਗ ਦੀ ਖੁੱਲ੍ਹ ਦੇਣ ਤੇ ਸਬੰਧਤ ਪਰਚਾ ਰੱਦ ਕਰਾਉਣ ਦੀ ਅਪੀਲ ਕੀਤੀ। ਇਸ ਮੌਕੇ ਕਲਾਕਾਰ ਕਰਮਜੀਤ ਅਨਮੋਲ, ਸ਼ਿਵੰਦਰ ਮਾਹਲ, ਸਤਵੰਤ ਕੌਰ, ਡਾ. ਰਣਜੀਤ ਸ਼ਰਮਾ, ਦਲਜੀਤ ਅਰੋੜਾ ਅਤੇ ਪਰਮਵੀਰ ਸਿੰਘ ਵੀ ਹਾਜ਼ਿਰ ਸਨ।