ਫ਼ੀਸ ਮਾਮਲਾ: ਸੇਂਟ ਸੋਲਜ਼ਰ ਸਕੂਲ ਸਾਹਮਣੇ ਮਾਪਿਆਂ ਵੱਲੋਂ ਮੁਜ਼ਾਹਰਾ

ਫ਼ੀਸ ਮਾਮਲਾ: ਸੇਂਟ ਸੋਲਜ਼ਰ ਸਕੂਲ ਸਾਹਮਣੇ ਮਾਪਿਆਂ ਵੱਲੋਂ ਮੁਜ਼ਾਹਰਾ

ਸੇਂਟ ਸੋਲਜ਼ਰ ਸਕੂਲ ਦੇ ਗੇਟ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਮਾਪੇ। -ਫੋਟੋ: ਵਿੱਕੀ ਘਾਰੂ

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 4 ਜੁਲਾਈ

ਇੱਥੋਂ ਦੇ ਸੇਂਟ ਸੋਲਜ਼ਰ ਸਕੂਲ ਫੇਜ਼-7 ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਵੱਲੋਂ ਫ਼ੀਸਾਂ ਮੰਗਣ ਦਾ ਤਿੱਖਾ ਵਿਰੋਧ ਕਰਦਿਆਂ ਅੱਜ ਸਕੂਲ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸਮਾਜ ਸੇਵੀ ਸੰਸਥਾ ‘ਪੰਜਾਬ ਅਗੇਂਸਟ ਕੁਰੱਪਸ਼ਨ’ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਮਾਪਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਹਾਈ ਕੋਰਟ ਦੇ ਫੈ਼ਸਲੇ ਦੀ ਆੜ ਵਿੱਚ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਵੱਲੋਂ ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਫ਼ੀਸਾਂ ਅਤੇ ਹੋਰ ਖਰਚੇ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਹਾਈ ਕੋਰਟ ਦੇ ਫੈ਼ਸਲੇ ਦਾ ਸਵਾਲ ਹੈ ਤਾਂ ਹਾਈ ਕੋਰਟ ਦੇ ਡਬਲ ਬੈਂਚ ’ਤੇ ਉਨ੍ਹਾਂ ਵੱਲੋਂ ਵੀ ਵੱਖਰੀ ਪਟੀਸ਼ਨ ਦਾਇਰ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਫੈ਼ਸਲੇ ਨੂੰ ਜਲਦੀ ਹੀ ਉਨ੍ਹਾਂ ਦੀ ਸੰਸਥਾ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇਗੀ।

ਇਸ ਮੌਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਕਿਹਾ ਕਿ ਲੌਕਡਾਊਨ ਕਾਰਨ ਕਾਫੀ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਅਤੇ ਕਾਫੀ ਬੇਰੁਜ਼ਗਾਰ ਹੋ ਗਏ ਹਨ ਅਤੇ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਸਕੂਲ ਵੱਲੋਂ ਫੀਸਾਂ ਭਰਵਾਉਣ ਲਈ ਵਟਸਐਪ ਤੇ ਈ-ਮੇਲ ਰਾਹੀਂ ਮੈਸੇਜ ਭੇਜੇ ਜਾਂਦੇ ਹਨ।

ਉੱਧਰ, ਸਕੂਲ ਬੱਸ ਅਪਰੇਟਰ ਸੰਦੀਪ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਬੀਤੇ ਮਹੀਨਿਆਂ ਦੇ ਟਰਾਂਸਪੋਰਟ ਦਾ ਕੋਈ ਖਰਚ ਮਾਪਿਆਂ ਤੋਂ ਨਹੀਂ ਲਿਆ ਹੈ। ਉਨ੍ਹਾਂ ਕਿਹਾ ਕਿ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

‘ਸਕੂਲ ਪ੍ਰਸ਼ਾਸਨ ਵੱਲੋਂ ਹਦਾਇਤਾਂ ਅਨੁਸਾਰ ਹੀ ਫ਼ੀਸ ਮੰਗੀ ਜਾ ਰਹੀ ਹੈ’

ਇਸ ਸਬੰਧੀ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਮੈਂਬਰਾਂ ਨੇ ਕੈਮਰੇ ਦੇ ਸਾਹਮਣੇ ਕੋਈ ਵੀ ਗੱਲ ਤੋਂ ਇਨਕਾਰ ਕਰ ਦਿੱਤਾ। ਉਂਜ ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਹੀ ਫੀਸ ਮੰਗੀ ਜਾ ਰਹੀ ਹੈ, ਜਿਸ ਵਿੱਚ ਕੁਝ ਵੀ ਗਲਤ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All