ਕਿਸਾਨ ਸੰਘਰਸ਼ ਤੋਂ ਡਰਦਿਆਂ ਖੱਟਰ ਨੇ ਲਹਿਰਾਇਆ ਕੌਮੀ ਝੰਡਾ

ਪੁਲੀਸ ਨੇ ਲੋਕਾਂ ਦੇ ਕਾਲੇ ਕੱਪੜੇ ਉਤਰਾਏ; ਮੁੱਖ ਮੰਤਰੀ ਨੇ ਅਸਲ ਸ਼ਹੀਦ ਸਮਾਰਕ ਦੀ ਥਾਂ ਆਰਜ਼ੀ ਸਮਾਰਕ ’ਤੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਕਿਸਾਨ ਸੰਘਰਸ਼ ਤੋਂ ਡਰਦਿਆਂ ਖੱਟਰ ਨੇ ਲਹਿਰਾਇਆ ਕੌਮੀ ਝੰਡਾ

ਪੰਚਕੂਲਾ ਵਿੱਚ ਹਰਿਆਣਵੀ ਨ੍ਰਿਤ ਪੇਸ਼ ਕਰਦੇ ਹੋਏ ਵਿਦਿਆਰਥੀ। -ਫੋਟੋ: ਰਵੀ ਕੁਮਾਰ

ਪੀਪੀ ਵਰਮਾ
ਪੰਚਕੂਲਾ, 27 ਜਨਵਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਚਕੂਲਾ ਵਿੱਚ ਰਾਜ ਪੱਧਰੀ ਗਣਤੰਤਰ ਸਮਾਰੋਹ ਦੌਰਾਨ ਕੌਮੀ ਝੰਡਾ ਲਹਿਰਾਇਆ। ਮਾਰਚ ਪਾਸਟ ਦੀ ਸਲਾਮੀ ਲਈ ਅਤੇ ਸਰਕਾਰ ਦੀਆਂ ਪ੍ਰਾਪਤੀ ਦੇ ਸੋਹਲੇ ਗਾਏ। ਇਸ ਮੌਕੇ ਤੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ। ਕਈ ਸਮਾਜ ਸੇਵਕਾਂ, ਵਿਧਵਾਵਾਂ ਅਤੇ ਸਰਕਾਰੀ ਅਫ਼ਸਰਾਂ ਦਾ ਸਨਮਾਨ ਕੀਤਾ ਗਿਆ। ਹਰ ਸਾਲ ਮੁੱਖ ਮੰਤਰੀ ਵੱਲੋਂ ਸੈਕਟਰ-12 ਸਥਿਤ ਗਣਤੰਤਰ ਦਿਵਸ ’ਤੇ ਸ਼ਹੀਦ ਸਮਾਰਕ ਉੱਤੇ ਜਾਂ ਕੇ ਸ਼ਰਧਾਜਲੀ ਦਿੱਤੀ ਜਾਂਦੀ ਹੈ ਪਰ ਇਸ ਵਾਰ ਮੁੱਖ ਮੰਤਰੀ ਉੱਥੇ ਨਹੀਂ ਗਏ ਸਗੋਂ ਆਰਜ਼ੀ ਤੌਰ ’ਤੇ ਪਰੇਡ ਗਰਾਊਂਡ ਵਿੱਚ ਸ਼ਹੀਦ ਸਮਾਗਮ ਬਣਾ ਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ। ਇਹ ਸਭ ਕਿਸਾਨ ਅੰਦੋਲਨ ਦੇ ਡਰ ਕਾਰਨ ਸੀ। ਜਿਹੜੇ ਲੋਕ ਕਾਲੀਆਂ ਜੈਕਟਾਂ ਅਤੇ ਸਵੈਟਰ ਪਾ ਕੇ ਆਏ ਸਨ ਪੁਲੀਸ ਨੇ ਸਮਾਗਮ ਤੋਂ ਪਹਿਲਾਂ ਹੀ ਉਤਰਵਾ ਦਿੱਤੇ ਅਤੇ ਕਿਹਾ ਕਿ ਉਹ ਇਹ ਕਾਲੇ ਕੱਪੜੇ ਜਾਂਦੇ ਸਮੇਂ ਲੈ ਜਾਣ। ਪੁਲੀਸ ਨੇ ਮੁੱਖ ਮੰਤਰੀ ਦੀ ਆਮਦ ਨੂੰ ਵੇਖਦੇ ਹੋਏ ਸ਼ਹਿਰ ਵਿੱਚ 30 ਤੋਂ ਵੱਧ ਨਾਕੇ ਲਗਾਏ ਹੋਏ ਸਨ। ਗੌਰਤਲਬ ਹੈ ਕਿ ਪੰਚਕੂਲਾ ਵਿੱਚ ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਨੇ ਝੰਡਾ ਝੁਲਾਉਣਾ ਸੀ ਪਰ ਇੱਕ ਦਿਨ ਪਹਿਲਾਂ ਰਾਜਪਾਲ ਦਾ ਪ੍ਰੋਗਰਾਮ ਪੰਚਕੂਲਾ ਤੋਂ ਮੁਲਤਵੀ ਕੀਤਾ ਗਿਆ ਅਤੇ ਫੇਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪੰਚਕੂਲਾ ਵਿੱਚ ਝੰਡਾ ਝਲਾਉਣ ਦਾ ਪ੍ਰੋਗਰਾਮ ਬਣਾ ਲਿਆ ਗਿਆ। ਜਦਕਿ ਪਹਿਲਾਂ ਮੁੱਖ ਮੰਤਰੀ ਵੱਲੋਂ ਪਾਨੀਪਤ ਵਿੱਚ ਝੰਡਾ ਝਲਾਉਣ ਦਾ ਪ੍ਰੋਗਰਾਮ ਸੀ। ਰਾਜਪਾਲ ਨੇ ਚੰਡੀਗੜ੍ਹ ਸਥਿਤ ਹਰਿਆਣਾ ਰਾਜ ਭਵਨ ਵਿੱਚ ਝੰਡਾ ਝੁਲਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All