Fatehgarh Sahib: ਪੰਥਕ ਏਕੇ ਲਈ ਖੁਦਗ਼ਰਜ਼ੀ ’ਚੋਂ ਨਿਕਲਣ ਦੀ ਲੋੜ: ਗਿਆਨੀ ਹਰਪ੍ਰੀਤ ਸਿੰਘ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੇ ਯਤਨਾਂ ਨਾਲ ਪਿੰਡ ਪੰਜੋਲੀ ਕਲਾਂ ’ਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਹਾਲ ਵਿੱਚ ‘ਪੰਥਕ ਏਕਤਾ ਸਮਾਗਮ’ ਹੋਇਆ ਜਿਸ ਵਿਚ ਵੱਖ-ਵੱਖ ਪੰਥਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ...
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੇ ਯਤਨਾਂ ਨਾਲ ਪਿੰਡ ਪੰਜੋਲੀ ਕਲਾਂ ’ਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਹਾਲ ਵਿੱਚ ‘ਪੰਥਕ ਏਕਤਾ ਸਮਾਗਮ’ ਹੋਇਆ ਜਿਸ ਵਿਚ ਵੱਖ-ਵੱਖ ਪੰਥਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਬੰਦੀ ਸਿੰਘ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥਕ ਏਕਤਾ ਲਈ ਖੁਦਗ਼ਰਜ਼ੀ ਵਿੱਚੋਂ ਨਿਕਲਣ ਦੀ ਲੋੜ ਹੈ। ਉਨ੍ਹਾਂ 2027 ਦੀਆਂ ਚੋਣਾਂ ਲਈ ਯੋਗ ਸਾਂਝੇ ਉਮੀਦਵਾਰਾਂ ਦੀ ਚੋਣ ਲਈ 11 ਮੈਂਬਰੀ ਬੋਰਡ ਕਾਇਮ ਕਰਨ ਅਤੇ 30 ਫੀਸਦ ਟਿਕਟਾਂ ਬੰਦੀ ਸਿੰਘ ਤੇ ਸ਼ਹੀਦ ਪਰਿਵਾਰਾਂ ਦੇ ਮਜ਼ਬੂਤ ਉਮੀਦਵਾਰਾਂ ਨੂੰ ਦੇਣ ਦਾ ਸੁਝਾਅ ਦਿੱਤਾ। ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੁੂਮਾਜਰਾ ਨੇ ਕਿਹਾ ਕਿ ਬਿਨਾਂ ਸ਼ਕਤੀ ਤੋਂ ਵੀ ਅਕਾਲੀ ਦਲ ਤੋਂ ਦਿੱਲੀ ਕੰਬਦੀ ਸੀ ਅਤੇ ਅੱਜ ਫੁੱਟ ਕਾਰਨ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ। ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਮੁਹਾਲੀ ’ਚ ਚੱਲ ਰਹੇ ਪੱਕੇ ਮੋਰਚੇ ਵੱਲੋਂ 15 ਅਗਸਤ ਦੇ ਉਲੀਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸਮਾਗਮ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋਫੈਸਰ ਮਹਿੰਦਰਪਾਲ ਸਿੰਘ, ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ, ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਗੁਰਚਰਨ ਸਿੰਘ, ਮਿਸਲ ਸਤਿਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ, ਅਕਾਲੀ ਦਲ ਸੁੰਤਤਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ, ਪੰਥਕ ਵਿਦਵਾਨ ਹਮੀਰ ਸਿੰਘ ਤੇ ਸਿੱਖ ਚਿੰਤਕ ਮਾਲਵਿੰਦਰ ਸਿੰਘ ਮਾਲੀ, ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਰਜਿੰਦਰ ਸਿੰਘ ਜਿੰਦਾ, ਦਿਲਾਵਰ ਸਿੰਘ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।

