ਪੀ.ਪੀ. ਵਰਮਾ
ਪੰਚਕੂਲਾ, 11 ਅਗਸਤ
ਪਿੰਜੌਰ ਦੇ ਯਾਦਵਿੰਦਰ ਗਾਰਡਨ ਵਿੱਚ ਅੱਜ ਤੀਜ ਉਤਸਵ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ ਗਏ। ਇਸ ਦੌਰਾਨ ਪੁਲੀਸ ਤੇ ਕਿਸਾਨਾਂ ਵਿਚਾਲੇ ਕਾਫੀ ਧੱਕਾ-ਮੁੱਕੀ ਵੀ ਹੋਈ ਅਤੇ ਪੁਲੀਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਪੁਲੀਸ ਨੂੰ ਪਹਿਲਾਂ ਹੀ ਖੁਫੀਆ ਵਿਭਾਗ ਕੋਲੋਂ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਬਾਰੇ ਜਾਣਕਾਰੀ ਮਿਲ ਚੁੱਕੀ ਸੀ, ਇਸ ਲਈ ਅੱਜ ਸਾਰਾ ਬਾਗ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਦੁਪਹਿਰ ਵੇਲੇ ਬਾਗ ਦਾ ਮੁੱਖ ਗੇਟ ਬੰਦ ਕਰ ਕੇ ਸੈਲਾਨੀਆਂ ਦੇ ਦਾਖਲੇ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਦਰਜਨਾਂ ਕਿਸਾਨ ਕਾਲੇ ਝੰਡਿਆਂ ਨਾਲ ਬਾਗ ਦੇ ਪਿਛਲੇ ਪਾਸਿਓਂ ਖੇਤਾਂ ਵੱਲੋਂ ਨਾਅਰੇ ਲਗਾਉਂਦੇ ਹੋਏ ਪਿੰਜੌਰ ਬਾਗ ਵਿੱਚ ਦਾਖਲ ਹੋ ਗਏ। ਇਸ ਦੌਰਾਨ ਪੁਲੀਸ ਮੁੱਖ ਗੇਟ ’ਤੇ ਹੀ ਖੜ੍ਹੀ ਸੀ ਹਾਲਾਂਕਿ, ਉਪ ਮੁੱਖ ਮੰਤਰੀ ਉਦੋਂ ਤੱਕ ਨਹੀਂ ਪਹੁੰਚੇ ਸਨ। ਕਿਸਾਨਾਂ ਦੇ ਪਹੁੰਚਣ ਦੀ ਖ਼ਬਰ ਜਵਿੇਂ ਹੀ ਪੁਲੀਸ ਨੂੰ ਮਿਲੀ, ਤਾਂ ਪੁਲੀਸ ਅਧਿਕਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਗੁਰਭਾਗ ਸਿੰਘ ਧਮਾਲਾ, ਜਰਨੈਲ ਸਿੰਘ, ਭੀਮ ਸਿੰਘ, ਰਾਜਿੰਦਰ ਕੌਰ, ਸੁਮਿੱਤਰਾ ਦਹੀਆ ਆਦਿ ਸਣੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਚੰਡੀਮੰਦਰ ਪੁਲੀਸ ਥਾਣੇ, ਸੈਕਟਰ 23 ਵਿਚ ਲੈ ਗਏ। ਇਸ ਦੌਰਾਨ ਕਿਸਾਨਾਂ ਤੇ ਪੁਲੀਸ ਵਿਚਾਲੇ ਕਾਫੀ ਧੱਕਾ-ਮੁੱਕੀ ਵੀ ਹੋਈ। ਭੀਮ ਸਿੰਘ ਨਾਂ ਦੇ ਇੱਕ ਪੱਤਰਕਾਰ ਨੇ ਦੱਸਿਆ ਕਿ ਅੱਜ ਉਹ ਇੱਕ ਚੈਨਲ ਵੱਲੋਂ ਕਵਰੇਜ ਕਰਨ ਲਈ ਆਇਆ ਸੀ ਪਰ ਪੁਲੀਸ ਨੇ ਉਸ ਨੂੰ ਵੀ ਜਬਰੀ ਹਿਰਾਸਤ ਵਿੱਚ ਲੈ ਲਿਆ। ਇਸ ਘਟਨਾ ਤੋਂ ਬਾਅਦ ਵੀ ਪੁਲੀਸ ਪੂਰੀ ਤਰ੍ਹਾਂ ਚੌਕਸ ਸੀ ਪਰ ਜਵਿੇਂ ਹੀ ਦੁਸ਼ਯੰਤ ਚੌਟਾਲਾ ਦੀਆਂ ਗੱਡੀਆਂ ਦਾ ਕਾਫਲਾ ਬਾਗ ਵਿੱਚ ਪਹੁੰਚਿਆ ਤਾਂ ਪਤਾ ਨਹੀਂ ਕਿੱਥੋਂ ਕੁਝ ਹੋਰ ਕਿਸਾਨ ਨਾਅਰੇ ਲਗਾਉਂਦੇ ਹੋਏ ਗੇਟ ’ਤੇ ਆ ਗਏ ਪਰ ਪੁਲੀਸ ਨੇ ਉਨ੍ਹਾਂ ਨੂੰ ਉੱਥੇ ਹੀ ਫੜ ਲਿਆ। ਕਈ ਕਿਸਾਨ ਜ਼ਮੀਨ ’ਤੇ ਲੇਟ ਗਏ ਤੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਏਸੀਪੀ ਕਾਲਕਾ ਮੁਕੇਸ਼ ਜਾਖੜ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਹਿਰਾਸਤ ’ਚ ਲਏ ਗਏ ਦੋ ਦੇਰ ਸ਼ਾਮ
ਉੱਧਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਦੀਆਂ ਫਸਲਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੀਆਂ ਗਈਆਂ ਸਨ। ਮੰਡੀਆ ਉਸੇ ਤਰ੍ਹਾਂ ਚੱਲ ਰਹੀਆਂ ਹਨ ਅਤੇ ਕਿਸੇ ਵੀ ਕਿਸਾਨ ਦੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਗਿਆ ਹੈ।