ਪੁਲੀਸ ਨੇ ਡੇਰਾਬੱਸੀ ਵਿੱਚ ਅੰਤਰ-ਰਾਜੀ ਜਾਅਲੀ ਕਰੰਸੀ ਗਰੋਹ ਦਾ ਪਰਦਾਫਾਸ਼ ਕਰਦਿਆਂ 9 ਕਰੋੜ 99 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਤੇ ਬੰਦ ਕੀਤੇ ਕਰੰਸੀ ਨੋਟ ਬਰਾਮਦ ਕੀਤੇ ਹਨ। ਐੱਸ ਏ ਐੱਸ ਨਗਰ ਦੇ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਪੁਲੀਸ ਨੇ ਦੋ ਮੁਲਜ਼ਮਾਂ ਸਚਿਨ ਵਾਸੀ ਪਿਹੋਵਾ (ਹਰਿਆਣਾ) ਅਤੇ ਗੁਰਦੀਪ ਵਾਸੀ ਕੁਰੂਕਸ਼ੇਤਰ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸ ਐੱਸ ਪੀ ਨੇ ਦੱਸਿਆ ਕਿ ਜਾਅਲੀ ਕਰੰਸੀ ਅਪਰਾਧ ਵਿੱਚ ਸ਼ਾਮਲ ਅੰਤਰ-ਰਾਜੀ ਸਿੰਡੀਕੇਟ ਨਾਲ ਜੁੜੇ ਦੋ ਮਸ਼ਕੂਕਾਂ ਬਾਰੇ ਸੂਹ ਮਿਲੀ ਸੀ। ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀ ਐੱਸ ਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਕਾਇਮ ਕੀਤੀਆਂ। ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਤੇ ਇੰਚਾਰਜ ਐਂਟੀ-ਨਾਰਕੋਟਿਕਸ ਸੈੱਲ ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਪੁਰਾਣਾ ਅੰਬਾਲਾ-ਕਾਲਕਾ ਹਾਈਵੇਅ ਦੇ ਘੱਗਰ ਪੁਲ ’ਤੇ ਨਾਕਾ ਲਾਇਆ ਸੀ। ਇਸ ਦੌਰਾਨ ਕਾਰ ਸਵਾਰਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ 11,05,000 ਰੁਪਏ ਦੀ ਬੰਦ ਕੀਤੀ ਜਾ ਚੁੱਕੀ ਕਰੰਸੀ ਅਤੇ 9.88 ਕਰੋੜ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ। ਇਨ੍ਹਾਂ ਵਿੱਚੋਂ 7,42,000 ਰੁਪਏ ਦੇ ਇੱਕ ਹਜ਼ਾਰ ਦੇ ਬੰਦ ਕੀਤੇ ਜਾ ਚੁੱਕੇ ਨੋਟ, 3,50,000 ਰੁਪਏ ਦੇ ਦੋ ਹਜ਼ਾਰ ਦੇ ਬੰਦ ਕੀਤੇ ਨੋਟ, 13,000 ਰੁਪਏ ਦੇ ਨਵੇਂ 500 ਦੇ ਬੰਦ ਕੀਤੇ ਨੋਟ ਸ਼ਾਮਲ ਹਨ। ਜਾਅਲੀ ਕਰੰਸੀ ਵਿੱਚ ਪੁਰਾਣੇ 1000 ਰੁਪਏ ਦੇ ਨੋਟਾਂ ਦੇ 80 ਬੰਡਲ (ਕਰੀਬ 80) ਲਗਪਗ 80 ਲੱਖ ਰੁਪਏ, ਨਵੇਂ 500 ਰੁਪਏ ਦੇ ਨੋਟਾਂ ਦੇ 60 ਬੰਡਲ ਲਗਪਗ 30 ਲੱਖ ਰੁਪਏ, 2000 ਰੁਪਏ ਦੇ ਨੋਟਾਂ ਦੇ 439 ਬੰਡਲ ਲਗਪਗ 8.78 ਕਰੋੜ ਰੁਪਏ ਹੈ।

