ਐਕਸਪ੍ਰੈੱਸ ਵੇਅ: ਕਿਸਾਨ ਜ਼ਮੀਨਾਂ ਦੇ ਮੁਆਵਜ਼ੇ ਨੂੰ ਤਰਸੇ
ਕਰਮਜੀਤ ਸਿੰਘ ਚਿੱਲਾ
ਬਨੂੜ, 3 ਜੂਨ
ਇਸ ਖੇਤਰ ਵਿੱਚ ਉਸਾਰੀ ਅਧੀਨ ਗਰੀਨ ਫੀਲਡ ਐਕਸਪ੍ਰੈੱਸ ਵੇਅ ਦੀ ਉਸਾਰੀ ਜ਼ੋਰਾਂ ’ਤੇ ਹੈ ਪਰ ਮਨੌਲੀ ਸੂਰਤ ਅਤੇ ਮੌਜਾ ਪਰਾਗਪੁਰ ਦੇ ਦਰਜਨ ਤੋਂ ਵੱਧ ਕਿਸਾਨ ਆਪਣੀ ਜ਼ਮੀਨ ਦੇ ਮੁਆਵਜ਼ੇ ਤੋਂ ਵਾਂਝੇ ਹਨ।
ਪਿੰਡ ਮਨੌਲੀ ਸੂਰਤ ਅਤੇ ਮੌਜਾ ਪਰਾਗਪੁਰ ਦੇ ਕਿਸਾਨਾਂ ਅਵਤਾਰ ਸਿੰਘ, ਚਤੰਨ ਸਿੰਘ, ਬਲਬੀਰ ਸਿੰਘ, ਗਿਰਧਾਰੀ ਲਾਲ, ਕਿਸਾਨ ਆਗੂ ਸੁਖਜੀਤ ਸਿੰਘ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ, ਮੇਹਰ ਸਿੰਘ, ਜਗੀਰ ਸਿੰਘ ਹੰਸਾਲਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਐਕੁਆਇਰ ਕਰਨ ਲਈ ਸਾਲ-2022 ਵਿੱਚ ਨੋਟਿਸ ਜਾਰੀ ਕੀਤੇ ਸਨ। ਜ਼ਮੀਨ ਦਾ ਮੁਆਵਜ਼ਾ ਜਨਵਰੀ 2023 ਵਿੱਚ ਜਾਰੀ ਹੋਣਾ ਸ਼ੁਰੂ ਹੋਇਆ ਸੀ ਪਰ ਉਨ੍ਹਾਂ ਦੇ ਜ਼ਮੀਨੀ ਨੰਬਰ ਮਿੱਸ ਹੋਣ ਕਾਰਨ ਉਹ ਮੁਆਵਜ਼ੇ ਤੋਂ ਵਾਂਝੇ ਰਹਿ ਗਏ।
ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਜਦੋਂ ਤਕ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤਕ ਜ਼ਮੀਨ ਦਾ ਕਬਜ਼ਾ ਨਹੀਂ ਲਿਆ ਜਾਵੇਗਾ ਪਰ ਸੜਕ ਬਣਾ ਰਹੀ ਕੰਪਨੀ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਸੁਣਵਾਈ ਵੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ।
ਇਸੇ ਦੌਰਾਨ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਨੇ ਵੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸਾਰੇ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕਰਦਿਆਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਤੁਰੰਤ ਰਿਲੀਜ਼ ਕਰਾਉਣ ਦੀ ਮੰਗ ਕੀਤੀ ਹੈ।
ਮੈਂ ਛੁੱਟੀ ’ਤੇ ਹਾਂ: ਡੀਆਰਓ
ਮੁਹਾਲੀ ਦੇ ਡੀਆਰਓ ਹਰਮਿੰਦਰ ਸਿੰਘ ਹੁੰਦਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਛੁੱਟੀ ’ਤੇ ਹਨ। ਡਿਊਟੀ ’ਤੇ ਆ ਕੇ ਗੱਲ ਕਰਨਗੇ।