ਸਾਬਕਾ ਸੈਨਿਕਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ
ਸਾਬਕਾ ਫ਼ੌਜੀਆਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਅਤੇ ਬਣਦਾ ਸਤਿਕਾਰ ਨਾ ਦੇਣ ਦਾ ਦੋਸ਼
ਐਕਸ ਸੈਨਿਕ ਵੈੱਲਫੇਅਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਬਨੂੜ ਦੀ ਅਗਵਾਈ ਹੇਠ ਸਾਬਕਾ ਸੈਨਿਕਾਂ ਨੇ ਬਨੂੜ ਵਿੱਚ ਮੀਟਿੰਗ ਕਰ ਕੇ ਕੇਂਦਰ ਅਤੇ ਰਾਜ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸਾਬਕਾ ਫੌਜੀਆਂ ਨੇ ਕੇਂਦਰ ਅਤੇ ਰਾਜ ਸਰਕਾਰ ਉੱਤੇ ਸਾਬਕਾ ਸੈਨਿਕਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਅਤੇ ਉਨ੍ਹਾਂ ਨੂੰ ਬਣਦਾ ਸਤਿਕਾਰ ਨਾ ਦੇਣ ਦਾ ਦੋਸ਼ ਲਾਇਆ।
ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿਘ, ਬਲਾਕ ਮੁਹਾਲੀ ਦੇ ਪ੍ਰਧਾਨ ਕੈਪਟਨ ਬੰਤ ਸਿੰਘ ਨੇ ਕਿਹਾ ਕਿ ਸਾਬਕਾ ਸੈਨਿਕਾਂ ਨਾਲ ਪਿਛਲੇ ਦਿਨੀਂ ਮਾਨਸਾ ਦੇ ਸ਼ਾਂਤਮਈ ਧਰਨਿਆਂ ਵਿੱਚ ਸ਼ਾਮਲ ਹੋਣ ਮੌਕੇ ਪੁਲੀਸ ਵੱਲੋਂ ਧੱਕੇਸ਼ਾਹੀ ਅਤੇ ਬਦਸਲੂਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕ ਅਜਿਹਾ ਵਿਹਾਰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੁਲੀਸ ਰਾਜ ਵਿੱਚ ਨਸ਼ਿਆਂ ਦੀ ਰੋਕਥਾਮ ਵਿੱਚ ਫ਼ੇਲ੍ਹ ਹੋਈ ਹੈ ਅਤੇ ਰਾਜ ਵਿੱਚ ਨਸ਼ਿਆਂ ਦੀ ਖੁੱਲੇਆਮ ਵਿਕਰੀ ਹੋ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਿਲਟਰੀ ਸਰਵਿਸ ਪੇਅ ਵਿੱਚ ਸਾਬਕਾ ਸੈਨਿਕਾਂ ਅਤੇ ਅਧਿਕਾਰੀਆਂ ਵਿੱਚ ਕੀਤਾ ਗਿਆ ਵਿਤਕਰਾ ਦੂਰ ਕੀਤਾ ਜਾਵੇ। ਉਨ੍ਹਾਂ ਸਾਬਕਾ ਸੈਨਿਕਾਂ ਦੀਆਂ ਬਾਕੀ ਮੰਗਾਂ ਪ੍ਰਵਾਨ ਨਾ ਕਰਨ ਦਾ ਵੀ ਦੋਸ਼ ਲਾਇਆ। ਇਸ ਮੌਕੇ ਰਣਜੀਤ ਸਿੰਘ ਡੇਰਾਬੱਸੀ, ਅਮਰਜੀਤ ਸਿੰਘ, ਮਹਿੰਦਰ ਸਿੰਘ ਬਨੂੜ, ਲਾਭ ਸਿੰਘ, ਕਰਮ ਸਿੰਘ ਬਨੂੜ, ਗੁਲਜ਼ਾਰ ਸਿੰਘ, ਕੁਲਵੰਤ ਸਿੰਘ, ਬੀਬੀ ਮੋਹਨ ਕੌਰ, ਬਖਸ਼ੀਸ਼ ਸਿੰਘ, ਬਲਦੇਵ ਸਿੰਘ, ਬੰਤ ਸਿੰਘ, ਅਮਰਜੀਤ ਸਿੰਘ, ਜਸਮੇਰ ਸਿੰਘ, ਹਰੀ ਸਿੰਘ, ਕਰਤਾਰ ਸਿੰਘ, ਰਮੇਸ਼ ਚੰਦ, ਜਸਵੀਰ ਸਿੰਘ ਧਰਮਗੜ੍ਹ ਆਦਿ ਵੀ ਹਾਜ਼ਰ ਸਨ।

