ਜਗਮੋਹਨ ਸਿੰਘ
ਘਨੌਲੀ, 19 ਜੂਨ
ਕੁਰਾਲੀ ਤੋਂ ਸ੍ਰੀ ਕੀਰਤਪੁਰ ਸਾਹਿਬ ਤੱਕ ਬੀਐੱਸਸੀਸੀ ਐਂਡ ਸੀ ਕੰਪਨੀ ਵੱਲੋਂ ਬਣਾਏ ਕੌਮੀ ਮਾਰਗ 205 ’ਤੇ ਪਿੰਡ ਅਹਿਮਦਪੁਰ ਤੋਂ ਡਾਢੀ ਪਿੰਡ ਤੱਕ ਕਈ ਥਾਵਾਂ ’ਤੇ ਡੂੰਘੇ ਖੱਡੇ ਹਨ। ਇਨ੍ਹਾਂ ਵਿੱਚੋਂ ਕਈ ਖੱਡੇ ਤਾਂ ਕਾਫੀ ਖਤਰਨਾਕ ਢੰਗ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਦਿਨ ਵੇਲੇ ਤਾਂ ਚਾਲਕ ਇਨ੍ਹਾਂ ਖੱਡਿਆਂ ਨੂੰ ਦੂਰੋਂ ਦੇਖ ਕੇ ਆਪਣਾ ਵਾਹਨ ਹੌਲੀ ਕਰ ਲੈਂਦੇ ਹਨ ਪਰ ਰਾਤ ਸਮੇਂ ਇਹ ਵਾਹਨ ਚਾਲਕਾਂ ਨੂੰ ਵਿਖਾਈ ਨਹੀਂ ਦਿੰਦੇ, ਜਿਸ ਕਾਰਨ ਰੋਜ਼ ਹਾਦਸਾ ਹੁੰਦਾ ਹੈ। ਪਹਿਲੀ ਮਈ ਨੂੰ ਪਿੰਡ ਨਵਾਂ ਮਲਿਕਪੁਰ ਦੀ ਔਰਤ ਸੁਸ਼ਮਾ ਦੇਵੀ ਜਦੋਂ ਆਪਣੇ ਪਤੀ ਨਾਲ ਕੀਰਤਪੁਰ ਸਾਹਿਬ ਤੋਂ ਪਰਤ ਰਹੀ ਸੀ ਤਾਂ ਖੱਡੇ ਕਾਰਨ ਉਸ ਦੇ ਪਤੀ ਤੋਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਗੰਭੀਰ ਜ਼ਖ਼ਮੀ ਹੋਈ ਸੁਸ਼ਮਾ ਦੇਵੀ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਉਕਤ ਔਰਤ ਦੀ ਮੌਤ ਹੋਣ ਤੋਂ ਬਾਅਦ ਲਗਭਗ ਡੇਢ ਮਹੀਨਾ ਬੀਤਣ ਉਪਰੰਤ ਵੀ ਜ਼ਿਮੇਵਾਰ ਕੰਪਨੀ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਕੁਦਰਤ ਦੇ ਬੰਦੇ ਗਰੁੱਪ ਘਨੌਲੀ ਦੇ ਸੰਚਾਲਕ ਵਿੱਕੀ ਧੀਮਾਨ ਨੇ ਕੰਪਨੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਹਫਤੇ ਦੇ ਅੰਦਰ ਖੱਡਿਆਂ ਨੂੰ ਠੀਕ ਨਾ ਕੀਤਾ ਤਾਂ ਉਹ ਕੰਪਨੀ ਖ਼ਿਲਾਫ਼ ਸੰਘਰਸ਼ ਵਿੱਢਣਗੇ। ਕੰਪਨੀ ਦੇ ਪਲਾਨਿੰਗ ਇੰਜਨੀਅਰ ਕਰਮਵੀਰ ਸਿੰਘ ਨੇ ਕਿਹਾ ਕਿ ਇੱਕ ਦੋ ਦਿਨਾਂ ਦੇ ਅੰਦਰ ਸੜਕ ਵਿੱਚ ਪਏ ਖੱਡਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।