EPFO ਨਵੀਆਂ ਸਕੀਮਾਂ ਬਾਰੇ ਜਾਗਰੂਕ ਕਰੇਗਾ
ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਈ ਪੀ ਐੱਫ ਓ ਦੀ ਮੈਂਬਰਸ਼ਿਪ ਲਈ ਤੈਅ ਵੇਤਨ ਹੱਦ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਯੋਜਨਾ ਤੇ ਹੋਰ ਸਕੀਮਾਂ ਬਾਰੇ ਚੰਡੀਗੜ੍ਹ ਦਾ ਈ...
ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਈ ਪੀ ਐੱਫ ਓ ਦੀ ਮੈਂਬਰਸ਼ਿਪ ਲਈ ਤੈਅ ਵੇਤਨ ਹੱਦ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਯੋਜਨਾ ਤੇ ਹੋਰ ਸਕੀਮਾਂ ਬਾਰੇ ਚੰਡੀਗੜ੍ਹ ਦਾ ਈ ਪੀ ਐੱਫ ਓ ਵਿਭਾਗ ਲੋਕਾਂ ਨੂੰ ਕੈਂਪ ਲਾ ਕੇ ਜਾਗਰੂਕ ਕਰੇਗਾ। ਇਸ ਸਬੰਧੀ 21 ਸਤੰਬਰ ਨੂੰ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ 15,000 ਰੁਪਏ ਤੋਂ ਵੱਧ ਤਨਖਾਹ ’ਤੇ ਨੌਕਰੀ ਸ਼ੁਰੂ ਕਰਨ ਵਾਲਾ ਕਰਮਚਾਰੀ ਸਿੱਧੇ ਤੌਰ ’ਤੇ ਈ ਪੀ ਐੱਫ ਦੇ ਦਾਇਰੇ ਤੋਂ ਬਾਹਰ ਰਹਿ ਜਾਂਦਾ ਸੀ, ਜਿਸ ਕਾਰਨ ਉਸ ਨੂੰ ਭਵਿੱਖ ਨਿਧੀ, ਪੈਨਸ਼ਨ ਅਤੇ ਬੀਮਾ ਵਰਗੀਆਂ ਸਹੂਲਤਾਂ ਦਾ ਲਾਭ ਨਹੀਂ ਮਿਲਦਾ ਸੀ। ਨਵੀਂ ਸੀਮਾ ਲਾਗੂ ਹੋਣ ਮਗਰੋਂ 15,000 ਤੋਂ 25,000 ਰੁਪਏ ਦੇ ਵਿਚਕਾਰ ਤਨਖਾਹ ਲੈਣ ਵਾਲਾ ਹਰ ਕਰਮਚਾਰੀ ਆਪਣੇ ਆਪ ਇਸ ਸੁਰੱਖਿਆ ਘੇਰੇ ਵਿੱਚ ਆ ਜਾਵੇਗਾ ਅਤੇ ਸਬੰਧਤ ਯੋਜਨਾ ਨਿਯਮਾਂ ਦੇ ਤਹਿਤ ਉਸ ਨੂੰ ਇਹ ਕਵਰੇਜ ਮਿਲੇਗੀ। ਇਸ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਇਸ ਵਰਗ ਦੇ ਕਰਮਚਾਰੀਆਂ ਨੂੰ ਹੁਣ ਭਵਿੱਖ ਨਿਧੀ ਵਿੱਚ ਬੱਚਤ ਕਰਨ, ਕਰਮਚਾਰੀ ਪੈਨਸ਼ਨ ਯੋਜਨਾ (ਈ ਪੀ ਐੱਸ) ਰਾਹੀਂ ਬੁਢਾਪੇ ਦੀ ਪੈਨਸ਼ਨ ਯਕੀਨੀ ਬਣਾਉਣ ਅਤੇ ਕਰਮਚਾਰੀ ਜਮ੍ਹਾ-ਸਬੰਧਿਤ ਬੀਮਾ ਯੋਜਨਾ (ਈ ਡੀ ਐਲ ਆਈ) ਤਹਿਤ ਬੀਮਾ ਸੁਰੱਖਿਆ ਪ੍ਰਾਪਤ ਕਰਨ ਦਾ ਹੱਕ ਮਿਲ ਜਾਵੇਗਾ।
ਚੰਡੀਗੜ੍ਹ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਸਰਕਾਰੀ ਖਜ਼ਾਨੇ ’ਤੇ ਸਾਲਾਨਾ ਕਰੀਬ 11,339 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ, ਜਦਕਿ ਇਸ ਵੇਲੇ ਇਹ ਖਰਚ ਕਰੀਬ 10,250 ਕਰੋੜ ਰੁਪਏ ਸਾਲਾਨਾ ਹੈ। ਅਗਲੇ ਪੰਜ ਸਾਲਾਂ ਵਿੱਚ ਇਹ ਕੁੱਲ ਖਰਚ ਲਗਪਗ 56,696 ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ।

